ਚੰਡੀਗੜ੍ਹ, 9 ਜਨਵਰੀ 2021 – ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਕਰਮਚਾਰੀਆਂ ਦੀ ਪਿੱਠ ਥਾਪੜਦਿਆਂ ਕੈਬਨਿਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਅੱਜ ਕਿਹਾ ਕਿ ‘ਬੇਟੀ ਬਚਾਓ-ਬੇਟੀ ਪੜਾਓ’ ਮੁਹਿੰਮ ਤਹਿਤ ਸਾਂਝੇ ਯਤਨਾਂ ਸਦਕਾ ਜਨਮ ਸਮੇਂ ਲਿੰਗ ਅਨੁਪਾਤ (ਐਸ.ਆਰ.ਬੀ.) ਵਿੱਚ ਨਿਰੰਤਰ ਸੁਧਾਰ ਦਰਜ ਕੀਤਾ ਗਿਆ ਹੈ।
ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਐਚਐਮਆਈਐਸ ਦੇ ਅੰਕੜਿਆਂ ਅਨੁਸਾਰ ਜਨਮ ਸਮੇਂ ਲਿੰਗ ਅਨੁਪਾਤ ਵਿੱਚ 19 ਅੰਕ ਦਾ ਸੁਧਾਰ ਦਰਜ ਕੀਤਾ ਗਿਆ ਹੈ, ਜੋ ਸਾਲ 2018-19 ਵਿੱਚ ਇਕ ਹਜ਼ਾਰ ਲੜਕਿਆਂ ਪਿੱਛੇ 901 ਲੜਕੀਆਂ ਤੋਂ ਸੁਧਰ ਕੇ ਸਾਲ 2019-20 ਵਿੱਚ ਇਕ ਹਜ਼ਾਰ ਲੜਕਿਆਂ ਦੀ ਤੁਲਨਾ ਵਿੱਚ 920 ਲੜਕੀਆਂ ਹੋ ਗਿਆ। ਇਹ ਵਾਧਾ ਸਾਲ 2013-14 ਤੋਂ ਦੇਖਿਆ ਗਿਆ। ਵਿੱਤੀ ਵਰੇ 2013-14 ਦੌਰਾਨ ਜਨਮ ਸਮੇਂ ਲਿੰਗ ਅਨੁਪਾਤ ਇਕ ਹਜ਼ਾਰ ਲੜਕਿਆਂ ਪਿੱਛੇ 890 ਲੜਕੀਆਂ ਸੀ, ਜੋ ਵਿੱਤੀ ਵਰੇ 2018-19 ਵਿੱਚ ਸੁਧਰ ਕੇ 901 ਲੜਕੀਆਂ ਹੋ ਗਿਆ ਸੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਸੂਬੇ ਭਰ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨਾਂ ਦਾ ਉਦੇਸ਼ ਸੂਬੇ ਵਿੱਚ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣਾ ਹੈ। ਇਨਾਂ ਗਤੀਵਿਧੀਆਂ ਵਿੱਚ ਕੌਮਾਂਤਰੀ ਬਾਲੜੀ ਦਿਵਸ ਮਨਾਉਣਾ, ਰੋਡ ਸ਼ੋਅ, ਆਊਟਰੀਚ ਅਧੀਨ ਮੈਰਾਥਨ ਅਤੇ ਰੈਲੀਆਂ, ਵਾਲ ਪੇਂਟਿੰਗਜ਼, ਕੰਬਲ ਵੰਡਣ ਦੇ ਨਾਲ-ਨਾਲ ਲੜਕੀ ਦੇ ਜਨਮ ਸਮੇਂ ਲੋਹੜੀ ਦਾ ਵਿਸ਼ੇਸ਼ ਜਸ਼ਨ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣਾ ਸ਼ਾਮਲ ਹੈ।
ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 13 ਜਨਵਰੀ, 2019 ਤੋਂ 7 ਜਨਵਰੀ, 2021 ਦਰਮਿਆਨ ਜਨਮੀਆਂ ਲੜਕੀਆਂ ਨੂੰ ਲੋਹੜੀ ਦੇ ਤਿਉਹਾਰ ’ਤੇ ਸਨਮਾਨਿਤ ਕੀਤਾ ਅਤੇ ਲੜਕੀਆਂ ਦੇ ਜਨਮ ਸਬੰਧੀ ਜਸ਼ਨਾਂ ਲਈ ਸੂਬੇ ਭਰ ਵਿੱਚ ਵੱਖ-ਵੱਖ ਥਾਵਾਂ ਉਤੇ ਸਮਾਗਮ ਵੀ ਕਰਵਾਏ ਜਾਣਗੇ।
ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਇਲਾਕੇ ਦੇ ਲਿੰਗ ਅਨੁਪਾਤ ਨੂੰ ਦਰਸਾਉਣ ਲਈ ਪੈਂਫਲੈਟਾਂ ਦੀ ਵੰਡ, ਮੋਬਾਈਲ ਪ੍ਰਦਰਸ਼ਨੀ ਵੈਨਾਂ ਚਲਾਉਣ ਅਤੇ ਗੁੱਡਾ-ਗੁੱਡੀ ਬੋਰਡ ਲਗਾਉਣ ਦੇ ਰੂਪ ਵਿੱਚ ਪਿੰਡ, ਬਲਾਕ ਅਤੇ ਜ਼ਿਲਾ ਪੱਧਰ ’ਤੇ ਵਿਆਪਕ ਮੀਡੀਆ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ, ਕੋਵਿਡ-19 ਦੌਰਾਨ ਜ਼ਿਲਿਆਂ ਵਿੱਚ ਵਿਆਪਕ ਤੌਰ ’ਤੇ ਮਾਸਕਾਂ ਦੇ ਨਾਲ ਨਾਲ ਸੈਨੇਟਰੀ ਪੈਡ ਵੀ ਵੰਡੇ ਗਏ। ਉਨਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਜ਼ਿਲਿਆਂ ਵਿੱਚ ਮਾਸਕਾਂ ਦੇ ਨਾਲ ਨਾਲ ਵੱਡੇ ਪੱਧਰ ਉਤੇ ਸੈਨੇਟਰੀ ਨੈਪਕਿਨਾਂ ਦੀ ਵੰਡ ਕੀਤੀ ਗਈ।
ਉਨਾਂ ਦੱਸਿਆ ਕਿ ਵਿਭਾਗ ਦੇ ਮੈਸਕਟ ‘ਸੁੱਖੀ ਭੈਣਜੀ’ (ਮਦਦਗਾਰ ਆਂਗਨਵਾੜੀ ਵਰਕਰ) ਰਾਹੀਂ ਚੰਗੇ ਪੋਸ਼ਣ, ਸਾਂਭ-ਸੰਭਾਲ, ਬਾਲ ਸੁਰੱਖਿਆ ਅਤੇ ਬਿਮਾਰੀ ਦੀ ਰੋਕਥਾਮ ਬਾਰੇ ਜਾਗਰੂਕ ਕਰਨ ਲਈ ਬਾਕਾਇਦਾ ਆਧਾਰ ਉਤੇ ਆਨਲਾਈਨ ਸੁਨੇਹੇ ਜਾਰੀ ਕੀਤੇ ਜਾਂਦੇ ਹਨ।