ਲੁਧਿਆਣਾ, 1 ਜੁਲਾਈ 2023 – ਲੁਧਿਆਣਾ ਵਿੱਚ ਨਗਰ ਨਿਗਮ ਰੰਗਾਈ ਉਦਯੋਗਾਂ ਨੂੰ ਲੈ ਕੇ ਸਖ਼ਤ ਰੁਖ਼ ਅਪਣਾ ਰਿਹਾ ਹੈ। ਸਮਰਾਲਾ ਚੌਕ ਨੇੜੇ ਨਰਿੰਦਰ ਨਗਰ ਵਿੱਚ ਇੱਕ ਡਾਇੰਗ ਯੂਨਿਟ ਨੂੰ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਡਾਇੰਗ ਚਾਲਕਾਂ ਨੇ ਕੈਮੀਕਲ ਵਾਲਾ ਪਾਣੀ ਸੜਕ ’ਤੇ ਛੱਡ ਦਿੱਤਾ ਸੀ। ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ।
ਪ੍ਰਦਰਸ਼ਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਮਸੀ ਨੇ ਯੂਨਿਟ ਨੂੰ ਨੋਟਿਸ ਵੀ ਭੇਜਿਆ ਹੈ। ਲੋਕਾਂ ਨੇ ਦੱਸਿਆ ਕਿ ਡਾਇੰਗ ਯੂਨਿਟ ਦਾ ਮਾਲਕ ਦੂਸ਼ਿਤ ਪਾਣੀ ਸੜਕ ’ਤੇ ਸੁੱਟ ਰਿਹਾ ਹੈ। ਪਾਣੀ ਦੀ ਨਿਕਾਸੀ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਕੀਤੀ ਗਈ ਹੈ। ਹਾਲਾਤ ਇਹ ਬਣ ਜਾਂਦੇ ਹਨ ਕਿ ਕਈ ਵਾਰ ਤਾਂ ਪਾਣੀ ਪੀਣ ਵਾਲੀਆਂ ਟੂਟੀਆਂ ਵਿੱਚ ਵੀ ਕਾਲਾ ਪਾਣੀ ਵੀ ਆ ਜਾਂਦਾ ਹੈ।
ਵਾਤਾਵਰਨ ਪ੍ਰੇਮੀ ਕਰਨਲ ਸੀ.ਐਮ ਲਖਨਪਾਲ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਸਮਰਾਲਾ ਚੌਕ ਨੇੜੇ ਲਿੰਕ ਰੋਡ ‘ਤੇ ਸਥਿਤ ਓਰੀਐਂਟਲ ਡਾਇੰਗ ਯੂਨਿਟ ਨੇ ਸੜਕਾਂ ‘ਤੇ ਗੰਦਾ ਪਾਣੀ ਛੱਡਿਆ ਹੋਇਆ ਹੈ। ਇਲਾਕੇ ਦੇ ਲੋਕਾਂ ਨੇ ਦੇਰ ਰਾਤ ਤੱਕ ਯੂਨਿਟ ਦਾ ਵਿਰੋਧ ਵੀ ਕੀਤਾ। ਉਨ੍ਹਾਂ ਦੱਸਿਆ ਕਿ ਇਹ ਡਾਇੰਗ ਫੈਕਟਰੀ ਇੱਕ ਰਿਹਾਇਸ਼ੀ ਖੇਤਰ ਵਿੱਚ ਲਗਾਈ ਗਈ ਹੈ। ਕੈਮੀਕਲ ਯੁਕਤ ਪਾਣੀ ਕਾਰਨ ਲੋਕਾਂ ਦੀ ਸਿਹਤ ਲਈ ਖਤਰਾ ਬਣਿਆ ਹੋਇਆ ਹੈ।

ਮਾਮਲਾ ਨਗਰ ਨਿਗਮ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਓਰੀਐਂਟਲ ਡਾਇੰਗ ਯੂਨਿਟ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਯੂਨਿਟ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਛੱਡੇ ਗਏ ਪਾਣੀ ਨੂੰ ਸਾਫ਼ ਕਰਨ ਲਈ ਇਲਾਕੇ ਵਿੱਚ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ। ਨਗਰ ਨਿਗਮ ਦੇ ਕਾਰਜਕਾਰੀ ਇੰਜਨੀਅਰ ਰਣਬੀਰ ਸਿੰਘ ਨੇ ਕਿਹਾ ਕਿ ਮਾਮਲਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਭੇਜਿਆ ਜਾ ਸਕਦਾ ਹੈ।
