ਲੁਧਿਆਣਾ 26 ਅਪ੍ਰੈਲ 2024 – ਅੱਜ ਜ਼ਿਲ੍ਹਾ ਲੁਧਿਆਣਾ ਦੇ ਸਮਰਾਲਾ ਬਲਾਕ ਦੇ ਪਿੰਡ ਮੁੱਤੋਂ ਵਿਖੇ ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਨੇ ਸਰਫੇਸ ਸੀਡਰ ਤਕਨੀਕ ਨਾਲ ਬੀਜੀ ਕਣਕ ਦੇ ਖੇਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਰਜਿਸਟਰਾਰ ਡਾ ਰਿਸ਼ੀਪਾਲ ਸਿੰਘ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਖੇਤੀ ਵਿਗਿਆਨੀ ਡਾ. ਜਸਵੀਰ ਸਿੰਘ ਗਿੱਲ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਕਿਸਾਨ ਹਰਿੰਦਰ ਸਿੰਘ ਦੇ ਖੇਤਾਂ ਵਿਚ ਸਰਫੇਸ ਸੀਡਰ ਤਕਨੀਕ ਨਾਲ ਬੀਜੀ ਕਣਕ ਦੀ ਫ਼ਸਲ ਦਾ ਜਾਇਜ਼ਾ ਲਿਆ ਅਤੇ ਹੋਰ ਕਿਸਾਨਾਂ ਨੂੰ ਇਸ ਤਕਨੀਕ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।
ਸ਼੍ਰੀ ਅਨੁਰਾਗ ਵਰਮਾ ਨੇ ਕਿਹਾ ਕਿ ਵਾਤਾਵਰਨ ਪੱਖੀ ਖੇਤੀ ਅਜੋਕੇ ਸਮੇਂ ਦੀ ਲੋੜ ਹੈ। ਅੱਜ ਸਿਰਫ ਉਤਪਾਦਨ ਨੂੰ ਖੇਤੀ ਦਾ ਕੇਂਦਰ ਬਿੰਦੂ ਮੰਨ ਕੇ ਅੱਗੇ ਨਹੀਂ ਵਧਿਆ ਜਾ ਸਕਦਾ। ਉਨ੍ਹਾਂ ਪੀ.ਏ.ਯੂ. ਮਾਹਿਰਾਂ ਦੀ ਤਾਰੀਫ਼ ਕੀਤੀ ਜਿਨ੍ਹਾਂ ਇਸ ਤਕਨੀਕ ਦਾ ਵਿਕਾਸ ਕੀਤਾ ਹੈ। ਨਾਲ ਹੀ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਤਕਨੀਕ ਨੂੰ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਸ਼੍ਰੀ ਵਰਮਾ ਨੇ ਕਿਹਾ ਕਿ ਇਸ ਤਕਨੀਕ ਨਾਲ ਫ਼ਸਲ ਦਾ ਝਾੜ ਅਤੇ ਦਿੱਖ ਦੇਖ ਕੇ ਉਨ੍ਹਾਂ ਨੂੰ ਅਤਿਅੰਤ ਪ੍ਰਸੰਨਤਾ ਹੋਈ ਹੈ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਸ ਤਕਨੀਕ ਨਾਲ ਬੀਜੀ ਕਣਕ ਮੁੱਖ ਕੀੜਿਆਂ ਤੇਲੇ ਅਤੇ ਪੀਲੀ ਕੁੰਗੀ ਤੋਂ ਬਚੀ ਹੋਈ ਹੈ ਅਤੇ ਇਸ ਵਿੱਚ ਦਾਣਿਆਂ ਦੀ ਬਣਤਰ ਚੰਗੀ ਅਤੇ ਭਰਵੀਂ ਹੈ। ਉਨ੍ਹਾਂ ਨੇ ਕਿਸਾਨਾਂ ਵਲੋਂ ਸਿੰਚਾਈ ਪੀ.ਏ.ਯੂ. ਦੀਆਂ ਸਿਫਾਰਿਸ਼ਾਂ ਅਨੁਸਾਰ ਕਰਨ ਲਈ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ। ਵਾਈਸ ਚਾਂਸਲਰ ਨੇ ਕਿਹਾ ਕਿ ਸਰਫੇਸ ਸੀਡਰ ਨਾਲ ਬੀਜੀ ਗਈ ਕਣਕ ਵੱਖ-ਵੱਖ ਥਾਵਾਂ `ਤੇ ਇਕਸਾਰ, ਚੰਗੀ ਤਰ੍ਹਾਂ ਖੜ੍ਹੀ, ਢਹਿਣ ਤੋਂ ਬਚੀ ਰਹੀ ਹੈ ਤੇ ਇਸਦਾ ਝਾੜ ਵੀ ਚੰਗਾ ਵੇਖਣ ਵਿਚ ਆ ਰਿਹਾ ਹੈ । ਡਾ. ਗੋਸਲ ਨੇ ਸਰਫੇਸ ਸੀਡਿੰਗ-ਕਮ-ਮਲਚਿੰਗ ਤਕਨੀਕ ਦੀਆਂ ਵਿਸ਼ੇਸ਼ਤਾਵਾਂ ਬਾਰੇ ਕਿਹਾ ਕਿ ਇਸ ਤਰ੍ਹਾਂ ਬੀਜੀ ਕਣਕ ਦੀਆਂ ਜੜ੍ਹਾਂ ਮਜ਼ਬੂਤ ਰਹਿੰਦੀਆਂ ਹਨ। ਫ਼ਸਲ ਨੂੰ ਮਲਚ ਦੀ ਸੰਘਣੀ ਤਹਿ ਕਾਰਨ ਘੱਟ ਸਿੰਚਾਈ ਦੀ ਲੋੜ ਪੈਂਦੀ ਹੈ ਅਤੇ ਇਸ ਵਿੱਚ ਨਦੀਨਾਂ ਦਾ ਜੰਮ ਵੀ ਘੱਟ ਹੁੰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਵਿਧੀ ਨਾ ਸਿਰਫ ਲਾਗਤ ਖਰਚੇ ਘਟਾਉਂਦੀ ਹੈ ਬਲਕਿ ਵਾਤਾਵਰਣ ਪੱਖੀ ਵੀ ਹੈ। ਇਸ ਤੋਂ ਇਲਾਵਾ, ਇਹ ਨਦੀਨਾਂ ਦੇ ਵਾਧੇ ਨੂੰ ਰੋਕ ਸਕਣ ਦੇ ਸਮਰੱਥ ਵਿਧੀ ਹੈ। ਇਸ ਕਾਰਨ ਸਰਫੇਸ ਸੀਡਰ ਨਾਲ ਬੀਜੀ ਕਣਕ ਵਿਚ ਗੁੱਲੀ ਡੰਡਾ ਵਰਗੀਆਂ ਸਮੱਸਿਆਵਾਂ ਵੇਖਣ ਵਿਚ ਨਹੀਂ ਆਉਂਦੀਆਂ।
ਇਸ ਮੌਕੇ ਬੋਲਦਿਆਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਮਿੱਟੀ ਵਿੱਚ ਕਾਰਬਨ ਦੀ ਮਾਤਰਾ ਨੂੰ ਵਧਾਉਣ ਅਤੇ ਫਸਲਾਂ ਦੀ ਪੈਦਾਵਾਰ ਵਿੱਚ ਵਾਧੇ ਪੱਖੋਂ ਇਸ ਤਕਨੀਕ ਦੇ ਮਹੱਤਵ ਬਾਰੇ ਦੱਸਿਆ। ਉਨ੍ਹਾਂ ਨੇ ਝੋਨੇ ਦੀ ਵਾਢੀ ਅਤੇ ਕਣਕ ਦੀ ਬਿਜਾਈ ਵਿਚਕਾਰ ਤਿੰਨ ਤੋਂ ਚਾਰ ਹਫ਼ਤਿਆਂ ਦੇ ਵਕਫੇ ਦੌਰਾਨ ਪਰਾਲੀ ਦੀ ਢੁਕਵੀਂ ਸੰਭਾਲ ਕਰਨ ਦਾ ਸਮਾਂ ਮਿਲ ਜਾਂਦਾ ਹੈ। ਜਿਸ ਨਾਲ ਵਾਤਾਵਰਨ ਪੱਖੀ ਖੇਤੀ ਨੂੰ ਹੁਲਾਰਾ ਮਿਲਦਾ ਹੈ।
ਉੱਘੇ ਫ਼ਸਲ ਵਿਗਿਆਨੀ ਡਾ ਜਸਵੀਰ ਸਿੰਘ ਗਿੱਲ ਨੇ ਸਰਫੇਸ ਸੀਡਿੰਗ ਤਕਨੀਕ ਨੂੰ ਲਾਗੂ ਕਰਨ ਦੀ ਸੌਖ ਅਤੇ ਘੱਟ ਖਰਚਿਆਂ ਦਾ ਜ਼ਿਕਰ ਕੀਤਾ, ਜਿਸ ਵਿੱਚ ਪਰਾਲੀ ਸਾੜਨ ਤੋਂ ਬਾਅਦ ਰਵਾਇਤੀ ਤਰੀਕਿਆਂ ਨਾਲੋਂ ਘੱਟ ਬਿਜਾਈ ਸਸਤੀ ਪੈਂਦੀ ਹੈ । ਨਾਲ ਹੀ ਇਸ ਲਈ ਕਿਸੇ ਮਹਿੰਗੀ ਮਸ਼ੀਨਰੀ ਜਾਂ ਉੱਚ ਹਾਰਸ ਪਾਵਰ ਟਰੈਕਟਰਾਂ ਦੀ ਲੋੜ ਨਹੀਂ ਹੈ। ਇਹ ਪਹੁੰਚ ਨਾ ਸਿਰਫ਼ ਫ਼ਸਲਾਂ ਨੂੰ ਗਰਮੀ ਦੇ ਤਣਾਅ ਤੋਂ ਬਚਾਉਂਦੀ ਹੈ, ਸਗੋਂ ਝੋਨੇ ਦੀ ਪਰਾਲੀ ਸਾੜਨ ਦੇ ਹਾਨੀਕਾਰਕ ਰੁਝਾਨ ਨੂੰ ਵੀ ਖ਼ਤਮ ਕਰਦੀ ਹੈ। ਇਸ ਤਰ੍ਹਾਂ ਖੇਤੀ ਦਾ ਬਿਹਤਰ ਭਵਿੱਖ ਅਤੇ ਸਥਿਰਤਾ ਲਈ ਇਹ ਤਕਨੀਕ ਇਕ ਵਰਦਾਨ ਹੈ।
ਕਿਸਾਨ ਹਰਿੰਦਰ ਸਿੰਘ ਨੇ ਆਪਣੇ ਤਜਰਬੇ ਅਤੇ ਇਸ ਤਕਨੀਕ ਦੇ ਲਾਭ ਸਾਂਝੇ ਕਰਦਿਆਂ ਦੱਸਿਆ ਕਿ ਇਹ ਵਿਧੀ ਨਾ ਸਿਰਫ ਘੱਟ ਖਰਚੀਲੀ ਹੈ ਬਲਕਿ ਇਸ ਨਾਲ ਖੇਚਲ ਵੀ ਘੱਟ ਹੈ। ਉਹ ਹੋਰ ਕਿਸਾਨਾਂ ਨੂੰ ਵੀ ਕਣਕ ਦੀ ਬਿਜਾਈ ਲਈ ਇਹ ਤਕਨੀਕ ਤਜਵੀਜ਼ ਕਰ ਰਹੇ ਹਨ।
ਇਸ ਮੌਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਕੁਮਾਰੀ ਸ਼ਾਕਸੀ ਸਾਹਨੀ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵੱਧ ਤੋਂ ਵੱਧ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀ ਨਾਲ ਜੋੜਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਪੀ ਏ ਯੂ ਦੇ ਰਜਿਸਟਰਾਰ ਡਾ ਰਿਸ਼ੀਪਾਲ ਸਿੰਘ ਨੇ ਮੁੱਖ ਸਕੱਤਰ ਅਤੇ ਹੋਰ ਅਧਿਕਾਰੀਆਂ ਦਾ ਸਵਾਗਤ ਕੀਤਾ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਅੰਤ ਵਿਚ ਸਭ ਲਈ ਧੰਨਵਾਦ ਦੇ ਸ਼ਬਦ ਆਖੇ। ਇਸ ਮੌਕੇ ਸਮਰਾਲਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਧਿਕਾਰੀਆਂ ਅਤੇ ਪੀ ਏ ਯੂ ਦੇ ਮਾਹਿਰਾਂ ਤੋਂ ਬਿਨਾਂ ਆਸ ਪਾਸ ਦੇ ਪਿੰਡਾਂ ਦੇ ਕਿਸਾਨ ਵੀ ਮੌਜੂਦ ਸਨ।