ਅੰਮ੍ਰਿਤਸਰ, 16 ਸਤੰਬਰ 2022 – ਅੰਮ੍ਰਿਤਸਰ ਕਸਟਮ ਵਿਭਾਗ ਨੇ ਦੁਬਈ ਤੋਂ ਪੰਜਾਬ ਵਿੱਚ ਸੋਨੇ ਦੀ ਤਸਕਰੀ ਦੀ ਇੱਕ ਅਹਿਮ ਕੜੀ ਤੋੜ ਦਿੱਤੀ ਹੈ। ਦੁਬਈ ਤੋਂ ਆ ਰਹੀ ਸਪਾਈਸ ਜੈੱਟ ਦੀ ਫਲਾਈਟ ਦੇ ਦੋ ਕਰਮਚਾਰੀਆਂ ਨੂੰ ਕਸਟਮ ਵਿਭਾਗ ਨੇ ਕਰੀਬ 1 ਕਿਲੋ ਸੋਨੇ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਦੋਵਾਂ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸਪਾਈਸ ਜੈੱਟ ਦੀ ਫਲਾਈਟ ਨੰਬਰ ਐਸ.ਜੀ.56 ਸਵੇਰੇ 3.20 ਵਜੇ ਲੈਂਡ ਹੋਈ। ਕਸਟਮ ਵਿਭਾਗ ਨੇ ਦੁਬਈ ਤੋਂ ਆਉਣ ਵਾਲੇ ਯਾਤਰੀਆਂ ਦੇ ਨਾਲ-ਨਾਲ ਸਪਾਈਸ ਜੈੱਟ ਦੇ ਕਰਮਚਾਰੀਆਂ ਦੀ ਵੀ ਜਾਂਚ ਕੀਤੀ। ਇਸ ਦੌਰਾਨ ਫਲਾਈਟ ਦੇ ਅੰਦਰ ਕੇਟਰਿੰਗ ਕਰ ਰਹੇ ਰਾਹੁਲ ਨਾਂ ਦੇ ਕਰਮਚਾਰੀ ਤੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 1.015 ਕਿਲੋਗ੍ਰਾਮ ਬਰਾਮਦ ਕੀਤਾ।
ਕਸਟਮ ਵਿਭਾਗ ਨੇ ਰਾਹੁਲ ਤੋਂ ਸਖ਼ਤੀ ਨਾਲ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਸ ਨੇ ਆਪਣੇ ਇੱਕ ਹੋਰ ਸਾਥੀ ਦਾ ਨਾਂ ਵੀ ਦੱਸਿਆ। ਦੂਜੇ ਦੋਸ਼ੀ ਦੀ ਪਛਾਣ ਸਪਾਈਸਜੈੱਟ ਦੇ ਸੁਰੱਖਿਆ ਕਰਮਚਾਰੀ ਹਿਤੇਸ਼ ਵਜੋਂ ਹੋਈ ਹੈ। ਕਸਟਮ ਵਿਭਾਗ ਨੇ ਉਸ ਨੂੰ ਵੀ ਉਸੇ ਸਮੇਂ ਗ੍ਰਿਫਤਾਰ ਕਰ ਲਿਆ। ਦੋਵਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਕਸਟਮ ਵਿਭਾਗ ਨੇ ਸੋਨਾ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਦੀ ਅੰਤਰਰਾਸ਼ਟਰੀ ਕੀਮਤ 52 ਲੱਖ ਰੁਪਏ ਦੇ ਕਰੀਬ ਹੈ। ਕਸਟਮ ਵਿਭਾਗ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਸੋਨੇ ਦੇ ਮੁੱਲ ਨਿਰਧਾਰਨ ‘ਚ ਅਜੇ ਕੁਝ ਸਮਾਂ ਲੱਗ ਸਕਦਾ ਹੈ।