ਅੰਮ੍ਰਿਤਸਰ, 14 ਅਗਸਤ 2022 – ਸਿੱਖ ਰੈਡੀਕਲ ਗਰੁੱਪ ਦਲ ਖਾਲਸਾ ਨੇ ਸ਼ਨੀਵਾਰ ਨੂੰ ਅੰਮ੍ਰਿਤਸਰ ਦਫਤਰ ਵਿਖੇ ਖਾਲਸਾਈ ਤਿਰੰਗਾ ਲਹਿਰਾਇਆ ਅਤੇ ਸਲਾਮੀ ਦਿੱਤੀ। ਪਰ ਇਸ ਦੌਰਾਨ ਦਲ ਖਾਲਸਾ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਦੀ ਹਰ ਘਰ ਵਿੱਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਦਾ ਵਿਰੋਧ ਕੀਤਾ। ਇਸ ਦੇ ਨਾਲ ਹੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ 13 ਤੋਂ 15 ਅਗਸਤ ਤੱਕ ਆਪਣੇ ਘਰਾਂ ‘ਚ ਕੇਸਰੀ ਝੰਡਾ ਨਿਸ਼ਾਨ ਸਾਹਿਬ ਲਹਿਰਾਉਣ ਲਈ ਕਿਹਾ ਗਿਆ ਹੈ।
ਸਿੱਖ ਯੂਥ ਆਫ ਪੰਜਾਬ ਦੇ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਅੱਜ ਦਲ ਖਾਲਸਾ ਦਫਤਰ ਵਿਖੇ ਕੇਸਰੀ ਝੰਡਾ ਲਹਿਰਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਹਰ ਘਰ ਵਿੱਚ ਖਾਲਸਾਈ ਝੰਡਾ ਲਹਿਰਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਤਿਰੰਗੇ ਨੇ ਪੰਜਾਬ ‘ਤੇ ਅੱਤਿਆਚਾਰ ਕੀਤੇ ਹਨ। ਹਰਿਮੰਦਰ ਸਾਹਿਬ ‘ਤੇ ਹਮਲਾ ਹੋਇਆ। ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਪੰਜਾਬ ਤੋਂ ਪਾਣੀ ਖੋਹ ਲਿਆ ਗਿਆ। ਅਜਿਹੀ ਸਥਿਤੀ ਵਿੱਚ ਸਿੱਖਾਂ ਨੂੰ ਆਪਣੇ ਘਰਾਂ ਵਿੱਚ ਕੇਸਰੀ ਝੰਡਾ ਹੀ ਲਹਿਰਾਉਣਾ ਚਾਹੀਦਾ ਹੈ।
ਗੁਰਨਾਮ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਕਦੇ ਹਥਿਆਰਾਂ ਦੇ ਜ਼ੋਰ ਤੇ ਕਦੇ ਤਲਵਾਰਾਂ ਦੇ ਜ਼ੋਰ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਕੇਂਦਰ ਸਰਕਾਰ 75ਵੇਂ ਆਜ਼ਾਦੀ ਦਿਹਾੜੇ ਦੀ ਆੜ ਵਿੱਚ ਪੰਜਾਬ ’ਤੇ ਦਬਾਅ ਬਣਾਉਣਾ ਚਾਹੁੰਦੀ ਹੈ। ਪਰ ਪੰਜਾਬ ਨੇ ਕੇਂਦਰ ਦੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਅਤੇ ਹਰ ਘਰ ‘ਤੇ ਸਿਰਫ ਖਾਲਸਾਈ ਝੰਡਾ ਹੀ ਲਹਿਰਾਇਆ ਜਾਵੇਗਾ।