ਅੰਮ੍ਰਿਤਸਰ, 10 ਅਗਸਤ 2024 – ਅੰਮ੍ਰਿਤਸਰ ‘ਚ ਦਰਬਾਰ ਸਾਹਿਬ ਦੇ ਲੰਗਰ ਹਾਲ ‘ਚ ਦੀ ਕੜਾਹੀ ‘ਚ ਡਿੱਗਣ ਵਾਲੇ ਸੇਵਾਦਾਰ ਦੀ 8 ਦਿਨ ਦੇ ਇਲਾਜ ਤੋਂ ਬਾਅਦ ਮੌਤ ਹੋ ਗਈ ਹੈ। 1-2 ਅਗਸਤ ਦੀ ਰਾਤ ਨੂੰ ਸੇਵਾ ਕਰਦੇ ਸਮੇਂ ਸੇਵਾਦਾਰ ਉਬਲਦੇ ਆਲੂਆਂ ਦੀ ਕੜਾਹੀ ਵਿੱਚ ਡਿੱਗ ਪਿਆ। ਜਿਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਵੱਲਾ ਸਥਿਤ ਸ਼੍ਰੀ ਗੁਰੂ ਰਾਮਦਾਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੇ 8 ਦਿਨ ਚੱਲੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਸੇਵਾਦਾਰ ਦੀ ਪਛਾਣ ਬਲਬੀਰ ਸਿੰਘ ਵਾਸੀ ਧਾਲੀਵਾਲ, ਗੁਰਦਾਸਪੁਰ ਵਜੋਂ ਹੋਈ ਹੈ। ਉਹ ਪਿਛਲੇ ਦਸ ਸਾਲਾਂ ਤੋਂ ਹਰਿਮੰਦਰ ਸਾਹਿਬ ਵਿਖੇ ਸੇਵਾ ਲਈ ਆ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ 1-2 ਅਗਸਤ ਦੀ ਰਾਤ ਨੂੰ ਕਰੀਬ 12.30 ਵਜੇ ਆਲੂ ਉਬਾਲਣ ਦੀ ਸੇਵਾ ਚੱਲ ਰਹੀ ਸੀ। ਹਰਿਮੰਦਰ ਸਾਹਿਬ ਦੇ ਵੱਡੇ ਕੜਾਹੇ ਵਿੱਚ ਆਲੂ ਉਬਾਲੇ ਜਾ ਰਹੇ ਸਨ। ਇਸ ਦੌਰਾਨ ਬਲਬੀਰ ਸਿੰਘ ਵੀ ਆਲੂ ਉਬਾਲ ਰਿਹਾ ਸੀ। ਇਸ ਦੌਰਾਨ ਉਹ ਅਚਾਨਕ ਕੜਾਹੀ ਵਿੱਚ ਤਿਲਕ ਕੇ ਡਿੱਗ ਗਿਆ।
ਸੇਵਾ ਕਰ ਰਹੇ ਸੇਵਾਦਾਰਾਂ ਨੇ ਦੱਸਿਆ ਕਿ ਆਲੂ ਉਬਾਲਣ ਸਮੇਂ ਕੜਾਹੀ ‘ਤੇ ਝੱਗ ਨਜ਼ਰ ਆਉਂਦੀ ਹੈ, ਜਿਸ ਨੂੰ ਸਾਫ਼ ਕੀਤਾ ਜਾਂਦਾ ਹੈ। ਬਲਬੀਰ ਸਿੰਘ ਵੀ ਉਹੀ ਝੱਗ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਸਿੱਧਾ ਕੜਾਹੀ ਵਿਚ ਜਾ ਡਿੱਗਿਆ।
ਉਨ੍ਹਾਂ ਨੂੰ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵੱਲਾ ਵਿਖੇ ਦਾਖਲ ਕਰਵਾਇਆ ਗਿਆ। ਇਲਾਜ ਦਾ ਸਾਰਾ ਖਰਚਾ ਵੀ ਐਸਜੀਪੀਸੀ ਨੇ ਹੀ ਚੁੱਕਿਆ। ਡਾਕਟਰਾਂ ਮੁਤਾਬਕ ਉਸ ਦਾ 70 ਫੀਸਦੀ ਸਰੀਰ ਸੜ ਗਿਆ ਸੀ। ਜਿਸ ਤੋਂ ਬਾਅਦ ਉਸ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ।