- ਮੈਨੇਜਰ, ਸਟੋਰ ਕੀਪਰ, ਸੁਪਰਵਾਈਜ਼ਰ ਤੇ ਇੰਸਪੈਕਟਰ ਰੈਂਕ ਦੇ 51 ਮੁਲਾਜ਼ਮ ਕੀਤੇ ਗਏ ਮੁਅੱਤਲ
ਅੰਮ੍ਰਿਤਸਰ, 5 ਜੁਲਾਈ 2023 – ਸ਼੍ਰੀ ਦਰਬਾਰ ਸਾਹਿਬ ਦੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਦੀ ਬਚੀ ਹੋਈ ਸੁੱਕੀ ਰੋਟੀ, ਜੂਠ ਅਤੇ ਚੌਲਾਂ ਦੀ ਨਿਲਾਮੀ ਵਿੱਚ ਕਰੀਬ ਇੱਕ ਕਰੋੜ ਰੁਪਏ ਦੇ ਘਪਲੇ ਵਿੱਚ ਸ਼ਾਮਲ 51 ਮੁਲਾਜ਼ਮਾਂ ਨੂੰ ਸ਼੍ਰੋਮਣੀ ਕਮੇਟੀ ਨੇ ਮੁਅੱਤਲ ਕਰ ਦਿੱਤਾ ਹੈ। ਜਿਨ੍ਹਾਂ ਕਰਮਚਾਰੀਆਂ ‘ਤੇ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ‘ਚ ਮੈਨੇਜਰ, ਸਟੋਰ ਕੀਪਰ, ਸੁਪਰਵਾਈਜ਼ਰ ਅਤੇ ਇੰਸਪੈਕਟਰ ਰੈਂਕ ਦੇ ਕਰਮਚਾਰੀ ਸ਼ਾਮਲ ਹਨ।
ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਫੈਸਲਾ ਲਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਚੈਕਿੰਗ ਦੌਰਾਨ ਕਮੇਟੀ ਦੀ ਫਲਾਇੰਗ ਟੀਮ ਨੂੰ 1 ਅਪ੍ਰੈਲ 2019 ਤੋਂ ਦਸੰਬਰ 2022 ਦਰਮਿਆਨ ਦੋ ਸਾਲ ਨੌਂ ਮਹੀਨਿਆਂ ਤੱਕ ਹੋਈ ਨਿਲਾਮੀ ਵਿੱਚ ਬੇਨਿਯਮੀਆਂ ਪਾਈਆਂ ਗਈਆਂ। ਪਹਿਲਾਂ ਇਹ ਰਕਮ 25 ਲੱਖ ਸੀ। ਫਿਰ ਇਹ 62 ਲੱਖ ਹੋ ਗਈ ਅਤੇ ਹੁਣ ਇੱਕ ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ।
ਫਲਾਇੰਗ ਟੀਮ ਨੇ ਜਾਂਚ ਵਿੱਚ ਕਰੀਬ 18 ਮੈਨੇਜਰਾਂ, ਸਟੋਰ ਕੀਪਰਾਂ, ਸੁਪਰਵਾਈਜ਼ਰਾਂ, ਇੰਸਪੈਕਟਰਾਂ ਨੂੰ ਦੋਸ਼ੀ ਠਹਿਰਾਇਆ ਸੀ। ਇਸ ਵਿੱਚ ਦਰਬਾਰ ਸਾਹਿਬ ਦੇ ਮੁੱਖ ਪ੍ਰਬੰਧਕ ਸਮੇਤ 3 ਸੇਵਾਦਾਰਾਂ ਦੇ ਨਾਂ ਸਾਹਮਣੇ ਆਏ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਪੈਸੇ ਜਮ੍ਹਾਂ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸੂਤਰਾਂ ਅਨੁਸਾਰ ਜਦੋਂ ਨਿਲਾਮੀ ਹੁੰਦੀ ਸੀ ਤਾਂ ਇਹ ਲੋਕ ਸਭ ਤੋਂ ਘੱਟ ਬੋਲੀ ਵਾਲੇ ਨੂੰ ਮਨਜ਼ੂਰੀ ਦਿੰਦੇ ਸਨ ਅਤੇ ਸਭ ਤੋਂ ਮਹਿੰਗੀ ਬੋਲੀ ਦੇ ਹਿਸਾਬ ਨਾਲ ਬਿੱਲ ਦਿੰਦੇ ਸਨ। ਇਸ ਅਨੁਸਾਰ ਚੈਕ ਵੀ ਲਿਆ ਗਿਆ।
ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਧਿਆਨ ਵਿਚ ਆਉਣ ’ਤੇ ਸ਼੍ਰੋਮਣੀ ਕਮੇਟੀ ਦੇ ਫਲਾਇੰਗ ਵਿਭਾਗ ਪਾਸੋਂ ਪੜਤਾਲ ਕਰਵਾਈ ਗਈ ਸੀ, ਜਿਸ ਦੀ ਰਿਪੋਰਟ ਅਨੁਸਾਰ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿਚ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਉਸ ਸਮੇਂ ਦੌਰਾਨ ਤਾਇਨਾਤ ਰਹੇ ਮੈਨੇਜਰ, ਸੁਪਰਵਾਈਜ਼ਰ, ਸਟੋਰਕੀਪਰ ਅਤੇ ਡਿਊਟੀ ਨਿਭਾਉਂਦੇ ਰਹੇ ਗੁਰਦੁਆਰਾ ਇੰਸਪੈਕਟਰ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 51 ਮੁਲਜ਼ਾਮਾਂ ਵਿੱਚੋਂ 2 ਸਟੋਰਕੀਪਰ ਮੁੱਢਲੀ ਜਾਂਚ ਦੌਰਾਨ ਹੀ ਮੁਅੱਤਲ ਕਰ ਦਿੱਤੇ ਗਏ ਸਨ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਗੁਰਦੁਆਰਾ ਪ੍ਰਬੰਧਾਂ ਅੰਦਰ ਕਿਸੇ ਤਰ੍ਹਾਂ ਦੀ ਅਣਗਹਿਲੀ ਅਤੇ ਬੇਨਿਯਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਨਾਲ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ, ਜਿਸ ਦੀ ਤਰਜ਼ਮਾਨੀ ਕਰਨਾ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਮੁਲਾਜ਼ਮਾਂ ਦੀ ਮੁੱਢਲੀ ਜ਼ੁੰਮੇਵਾਰੀ ਹੈ। ਜਿਹੜਾ ਵੀ ਗੁਰਦੁਆਰਾ ਪ੍ਰਬੰਧਾਂ ਨੂੰ ਸੱਟ ਮਾਰੇਗਾ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।