ਚੰਡੀਗੜ੍ਹ, 03 ਫਰਵਰੀ 2022 – ਅਕਾਲੀ ਆਗੂ ਦਰਬਾਰਾ ਸਿੰਘ ਗੁਰੂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ, ਸੈਕਟਰੀ ਦੇ ਅਹੁਦੇ ਸਮੇਤ ਹੋਰਨਾਂ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਦਰਬਾਰਾ ਸਿੰਘ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ 400 ਸਾਲਾਂ ਮੈਮੋਰੀਅਲ ਟਰੱਸਟ ਫਤਿਹਗੜ੍ਹ ਸਾਹਿਬ ਦੇ ਮੈਂਬਰ ਸੈਕਟਰੀ ਸਨ।
ਇਸ ਦੇ ਨਾਲ ਹੀ ਦਰਬਾਰਾ ਸਿੰਘ ਗੁਰੂ ਨੇ ਮੈਂਬਰ ਸਕੱਤਰ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦਰਬਾਰਾ ਸਿੰਘ ਗੁਰੂ ਨੇ ਆਪਣਾ ਅਸਤੀਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਭੇਜ ਦਿੱਤਾ ਹੈ ਅਤੇ ਨਾਲ ਹੀ ਉਹਨਾਂ ਨੇ ਇਸ ਸੰਬੰਧੀ ਬਕਾਇਦਾ ਆਪਣੇ ਅਸਤੀਫ਼ੇ ਦੀਆਂ ਕਾਪੀਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜੇ ਜਾਣ ਦੀਆਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਕੀਤੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਦਰਬਾਰਾ ਸਿੰਘ ਗੁਰੂ ਵਿਧਾਨ ਸਭਾ ਹਲਕਾ ਭਦੌੜ ਤੋਂ ਦੋ ਵਾਰ ਅਤੇ ਬੱਸੀ ਪਠਾਣਾ ਹਲਕੇ ਤੋਂ ਚੋਣ ਲੜ ਚੁੱਕੇ ਹਨ। ਦਰਬਾਰਾ ਸਿੰਘ ਗੁਰੂ ਇਸ ਮੌਕੇ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਵਜੋਂ ਵੀ ਵਿਚਰ ਰਹੇ ਸਨ ਪਰ ਪਿਛਲੇ ਸਮੇਂ ਵਿਚ ਇਹ ਸੀਟ ਬਸਪਾ ਨੂੰ ਦਿੱਤੇ ਜਾਣ ਤੋਂ ਸਿਆਸੀ ਤੌਰ ‘ਤੇ ਬਹੁਤ ਘੱਟ ਵਿਚਰ ਰਹੇ ਸਨ।
ਸੂਤਰਾਂ ਅਨੁਸਾਰ ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਦਰਬਾਰਾ ਸਿੰਘ ਗੁਰੂ ਕੱਲ੍ਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ‘ਚ ਹਲਕਾ ਭਦੌੜ ‘ਚ ਕਾਂਗਰਸ ‘ਚ ਸ਼ਾਮਿਲ ਹੋਣ ਜਾ ਰਹੇ ਹਨ।