- ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਕੰਮ ਵੀ ਦੇਖਣਗੇ
- ਕਪਤਾਨ ਸਿੰਘ ਸੋਲੰਕੀ ਵੀ ਰਹਿ ਚੁੱਕੇ ਹਨ ਇਸ ਅਹੁਦੇ ‘ਤੇ
ਚੰਡੀਗੜ੍ਹ, 4 ਫਰਵਰੀ 2024 – ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫਾ ਮਨਜ਼ੂਰ ਕਰਨ ਤੋਂ ਬਾਅਦ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੂੰ ਨਵੀਂ ਵਿਵਸਥਾ ਤੱਕ ਪੰਜਾਬ ਦੇ ਕਾਰਜਕਾਰੀ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਚਾਰਜ ਮਿਲ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕਪਤਾਨ ਸਿੰਘ ਸੋਲੰਕੀ ਤੋਂ ਬਾਅਦ ਦੱਤਾਤ੍ਰੇਯ ਪੰਜਾਬ ਦੇ ਦੂਜੇ ਕਾਰਜਕਾਰੀ ਰਾਜਪਾਲ ਹੋਣਗੇ। ਇਸ ਜ਼ਿੰਮੇਵਾਰੀ ਦੇ ਨਾਲ-ਨਾਲ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਕੰਮ ਵੀ ਦੇਖਣਗੇ। ਸੰਭਾਵਨਾ ਹੈ ਕਿ ਸੋਮਵਾਰ ਭਾਵ ਭਲਕੇ ਇਸ ਸਬੰਧੀ ਹੁਕਮ ਜਾਰੀ ਕੀਤੇ ਜਾਣਗੇ।
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸ਼ਨੀਵਾਰ (3 ਫਰਵਰੀ) ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬੀਐੱਲ ਪੁਰੋਹਿਤ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਭੇਜ ਦਿੱਤਾ ਹੈ। ਉਨ੍ਹਾਂ ਨੇ ਆਪਣੇ ਅਸਤੀਫੇ ਦਾ ਕਾਰਨ ਨਿੱਜੀ ਕਾਰਨ ਦੱਸੇ ਹਨ।
ਲੰਬੇ ਸਮੇਂ ਤੋਂ ਭਾਜਪਾ ਨਾਲ ਜੁੜੇ ਪੁਰੋਹਿਤ ਨੂੰ 21 ਅਗਸਤ 2021 ਨੂੰ ਪੰਜਾਬ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਉਸਨੇ 1 ਸਤੰਬਰ 2021 ਨੂੰ ਆਪਣਾ ਅਹੁਦਾ ਸੰਭਾਲ ਲਿਆ ਸੀ। ਉਹ 2 ਸਾਲ 5 ਮਹੀਨੇ 2 ਦਿਨ ਪੰਜਾਬ ਦੇ ਗਵਰਨਰ ਰਹੇ। ਇਸ ਤੋਂ ਪਹਿਲਾਂ ਉਹ 2017 ਤੋਂ 2021 ਤੱਕ ਤਾਮਿਲਨਾਡੂ ਅਤੇ 2016 ਤੋਂ 2017 ਤੱਕ ਅਸਾਮ ਦੇ ਰਾਜਪਾਲ ਸਨ।
ਪੁਰੋਹਿਤ ਦਾ ਜਨਮ 16 ਅਪ੍ਰੈਲ 1940 ਨੂੰ ਰਾਜਸਥਾਨ ਦੇ ਨਵਲਗੜ੍ਹ ਵਿੱਚ ਹੋਇਆ ਸੀ। ਬਨਵਾਰੀ ਲਾਲ ਪੁਰੋਹਿਤ ਨੇ ਇੱਕ ਦਿਨ ਪਹਿਲਾਂ 2 ਫਰਵਰੀ ਨੂੰ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਬਨਵਾਰੀ ਲਾਲ ਪੁਰੋਹਿਤ ਨੇ ਰਾਸ਼ਟਰਪਤੀ ਨੂੰ ਭੇਜੇ ਆਪਣੇ 3 ਲਾਈਨਾਂ ਦੇ ਅਸਤੀਫ਼ੇ ਦੇ ਪੱਤਰ ਵਿੱਚ ਲਿਖਿਆ – “ਨਿੱਜੀ ਕਾਰਨਾਂ ਅਤੇ ਕੁਝ ਹੋਰ ਵਚਨਬੱਧਤਾਵਾਂ ਦੇ ਕਾਰਨ, ਮੈਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਅਹੁਦੇ ਤੋਂ ਆਪਣਾ ਅਸਤੀਫਾ ਦਿੰਦਾ ਹਾਂ, ਕਿਰਪਾ ਕਰਕੇ ਇਸਨੂੰ ਸਵੀਕਾਰ ਕਰਕੇ ਮੈਨੂੰ ਸੇਵਾ ਮੁਕਤ ਕਰੋ।