ਫਾਜ਼ਿਲਕਾ, 25 ਮਈ 2024 – ਫਾਜ਼ਿਲਕਾ ਦੀਆਂ ਦੋ ਬੇਟੀਆਂ ਨੇ ਪੁੱਤ ਬਣਕੇ ਆਖਰੀ ਫਰਜ਼ ਨਿਭਾਉਂਦੇ ਹੋਏ ਆਪਣੀ ਮਾਂ ਦੇ ਦੇਹਾਂਤ ਤੋਂ ਬਾਅਦ ਮੁੱਖ ਅਗਨੀ ਦਿੱਤੀ, ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਗਿਆ, ਦਰਅਸਲ ਸਥਾਨਕ ਅਮਰ ਕਾਲੋਨੀ ਦੇ ਰਹਿਣ ਵਾਲੇ ਨਰੇਸ਼ ਗਿਲਹੋਤਰਾ ਦੀ ਪਤਨੀ ਨੀਲਮ ਗਿਲਹੋਤਰਾ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਸੀ।
ਮਾਂ ਦੀ ਮੌਤ ਤੋਂ ਬਾਅਦ ਉਸ ਦੀਆਂ ਦੋ ਧੀਆਂ ਗੌਰੀ ਗਿਲਹੋਤਰਾ ਅਤੇ ਆਰਤੀ ਭਠੇਜਾ ਨੇ ਮਿਲ ਕੇ ਆਪਣੇ ਪੁੱਤ ਦਾ ਫਰਜ਼ ਨਿਭਾਇਆ। ਸਸਕਾਰ ਦੌਰਾਨ ਮਾਂ ਦੀ ਅੰਤਿਮ ਯਾਤਰਾ ਤੋਂ ਲੈ ਕੇ ਸ਼ਮਸ਼ਾਨਘਾਟ ਵਿੱਚ ਚਿਤਾ ਨੂੰ ਅਗਨ ਭੇਟ ਕਰਨ ਤੱਕ ਦਾ ਕੰਮ ਧੀਆਂ ਨੇ ਕੀਤਾ। ਇਹ ਨਜ਼ਾਰਾ ਦੇਖ ਕੇ ਮੌਕੇ ‘ਤੇ ਮੌਜੂਦ ਹਰ ਕੋਈ ਭਾਵੁਕ ਹੋ ਗਿਆ।
ਦੋਵੇਂ ਧੀਆਂ ਆਪਣੀ ਮਾਂ ਦੀ ਅਰਥੀ ਨੂੰ ਮੋਢਾ ਦੇ ਕੇ ਉਸ ਨੂੰ ਸ਼ਮਸ਼ਾਨਘਾਟ ਲਈ ਗਈਆਂ। ਉੱਥੇ ਬੇਟੀਆਂ ਨੇ ਆਪਣੀ ਸਵਰਗਵਾਸੀ ਮਾਂ ਨੀਲਮ ਗਿਲਹੋਤਰਾ ਦਾ ਅੰਤਿਮ ਸਸਕਾਰ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਕੀਤਾ ਅਤੇ ਬੇਟੀ ਆਰਤੀ ਭਠੇਜਾ ਨੇ ਹੰਝੂ ਭਰੀਆਂ ਅੱਖਾਂ ਨਾਲ ਆਪਣੀ ਮਾਂ ਦਾ ਅੰਤਿਮ ਸਸਕਾਰ ਕੀਤਾ।
ਲੋਕਾਂ ਦਾ ਕਹਿਣਾ ਹੈ ਕਿ ਅੱਜ ਧੀਆਂ ਨੇ ਪੁਰਾਣੇ ਵਿਸ਼ਵਾਸਾਂ ਤੋਂ ਪਰੇ ਜਾ ਕੇ ਪੁੱਤਰਾਂ ਦਾ ਫਰਜ਼ ਨਿਭਾਇਆ ਹੈ। ਜਿਸ ਕਿਸੇ ਨੇ ਵੀ ਧੀਆਂ ਨੂੰ ਮਾਂ ਦੀ ਅਰਥੀ ਨੂੰ ਮੋਢਾ ਆਉਂਦੇ ਦੇਖਿਆ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਦੋਵੇਂ ਧੀਆਂ ਨੀਲਮ ਗਿਲਹੋਤਰਾ ਅਤੇ ਆਰਤੀ ਭਠੇਜਾ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਮਾਤਾ-ਪਿਤਾ ਦੀਆਂ ਧੀਆਂ ਹੀ ਨਹੀਂ ਹਨ, ਸਗੋਂ ਪੁੱਤਰ ਬਣ ਕੇ ਵੀ ਸਮਾਜ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕਦੀਆਂ ਹਨ।