ਚੰਡੀਗੜ੍ਹ, 28 ਜੂਨ 2022 – ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਪਹਿਲੇ ਬਜਟ ‘ਤੇ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ‘ਚ ਬਹਿਸ ਹੋਵੇਗੀ। ਜਿਸ ਵਿੱਚ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1000 ਰੁਪਏ ਨਾ ਦੇਣ ਲਈ ਵਿਰੋਧੀ ਧਿਰ ਸਭ ਤੋਂ ਵੱਡੇ ਮੁੱਦੇ ‘ਤੇ ਸਰਕਾਰ ਨੂੰ ਘੇਰੇਗੀ। ਕੱਲ੍ਹ ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਪੇਸ਼ ਕੀਤਾ। ਹਾਲਾਂਕਿ ਖਜ਼ਾਨੇ ਦੀ ਮਾੜੀ ਹਾਲਤ ਦੇ ਮੱਦੇਨਜ਼ਰ ਉਨ੍ਹਾਂ ਆਪਣੇ ਚੋਣ ਵਾਅਦੇ ਦਾ ਜ਼ਿਕਰ ਨਹੀਂ ਕੀਤਾ। ਜਿਸ ਨੂੰ ਵਿਰੋਧੀ ਹੁਣ ਵੱਡਾ ਮੁੱਦਾ ਬਣਾਉਣ ਦੀ ਤਿਆਰੀ ਕਰ ਰਹੇ ਹਨ।
ਵਿਰੋਧੀ ਪਾਰਟੀਆਂ ਸਿਹਤ ਅਤੇ ਖਾਸ ਕਰਕੇ ਮੁਹੱਲਾ ਕਲੀਨਿਕ ਦੇ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਘੇਰਨਗੀਆਂ। ਸਰਕਾਰ ਨੇ ਬਜਟ ਵਿੱਚ 117 ਮੁਹੱਲਾ ਕਲੀਨਿਕ ਬਣਾਉਣ ਲਈ ਬਜਟ ਰੱਖਿਆ ਹੈ। ਜਿਨ੍ਹਾਂ ਵਿੱਚੋਂ 77 ਮੁਹੱਲਾ ਕਲੀਨਿਕ ਇਸ 15 ਅਗਸਤ ਤੋਂ ਚਾਲੂ ਹੋ ਜਾਣਗੇ। ਵਿਰੋਧੀਆਂ ਦਾ ਤਰਕ ਹੈ ਕਿ ਸਰਕਾਰ ਨੇ ਮੁਹੱਲਾ ਕਲੀਨਿਕਾਂ ਦੀ ਗੱਲ ਕੀਤੀ ਸੀ, ਯਾਨੀ ਹਰ ਮੁਹੱਲੇ ਵਿੱਚ ਇੱਕ ਕਲੀਨਿਕ ਹੋਣਾ ਚਾਹੀਦਾ ਹੈ। ਇਸ ਦੇ ਉਲਟ ਇੱਕ ਵਿਧਾਨ ਸਭਾ ਹਲਕੇ ਵਿੱਚ ਮੁਹੱਲਾ ਕਲੀਨਿਕ ਖੋਲ੍ਹਿਆ ਜਾ ਰਿਹਾ ਹੈ।
ਸਰਕਾਰ ਨੇ ਕੱਲ੍ਹ ਪੇਸ਼ ਕੀਤੇ 1.55 ਲੱਖ ਕਰੋੜ ਦੇ ਬਜਟ ਵਿੱਚ ਸਿੱਖਿਆ ਅਤੇ ਸਿਹਤ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਸਿੱਖਿਆ ਦੇ ਬਜਟ ਵਿੱਚ 16% ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਿਹਤ ਬਜਟ ਵਿੱਚ 24% ਦਾ ਵਾਧਾ ਕੀਤਾ ਗਿਆ ਹੈ। ਇਹ ਬਜਟ 2021-22 ਦੇ ਮੁਕਾਬਲੇ 2022-23 ਵਿੱਚ 4731 ਕਰੋੜ ਹੋਵੇਗਾ।