- ਅਜਿਹੀਆਂ ਪੋਸਟਾਂ ਨਾਲ ਭਾਈਚਾਰਕ ਸਾਂਝ ਨੂੰ ਠੇਸ ਅਤੇ ਸਮਾਜ ਵਿੱਚ ਘਬਰਾਹਟ ਪੈਦਾ ਨਾ ਕੀਤੀ ਜਾਵੇ
ਸ਼੍ਰੀ ਮੁਕਤਸਰ ਸਾਹਿਬ 13 ਅਪ੍ਰੈਲ : ਜਿਲ੍ਹਾ ਪ੍ਰਸ਼ਾਸਨ ਸ਼੍ਰੀ ਮੁਕਤਸਰ ਸਹਿਬ ਵੱਲੋਂ ਹਰ ਆਮ ਅਤੇ ਖਾਸ ਨੂੰ ਅੱਜ ਅਪੀਲ ਕੀਤੀ ਗਈ ਕਿ ਉਹ ਕਿਸੇ ਵੀ ਬੇਬੁਨੀਆਦ ਤੱਥਾਂ ਤੋਂ ਰਹਿਤ ਖਬਰ ਨੂੰ ਸੱਚ ਮੰਨ ਕੇ ਉਸ ਨੂੰ ਹੱਲਾਸ਼ੇਰੀ ਦੇਣ ਤੋਂ ਗੁਰੇਜ਼ ਕਰਨ ਅਤੇ ਸਿਰਫ ਮਾਨਤਾ ਪ੍ਰਾਪਤ ਪਲੈਟਫਾਰਮ ਤੋਂ ਨਸ਼ਰ ਕੀਤੀ ਗਈ ਇੱਤਲਾਹ ਤੇ ਹੀ ਯਕੀਨ ਕੀਤਾ ਜਾਵੇ।
ਇਸ ਸਬੰਧੀ ਹੋਰ ਵਿਸਥਾਰ ਨਾਲ ਚਾਨਣਾਂ ਪਾਉਂਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ (ਆਈ ਏ ਐਸ) ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਖਬਰਾਂ ਨਾਲ ਭਾਈਚਾਰਕ ਸਾਂਝ ਨੂੰ ਠੇਸ, ਸਮਾਜ ਵਿੱਚ ਘਬਰਾਹਟ ਅਤੇ ਅਮਨ ਸ਼ਾਤੀ ਦੇ ਮਾਹੌਲ ਵਿੱਚ ਖਰਾਬੇ ਤੋਂ ਇਲਾਵਾ ਲੋਕਾਂ ਦੀ ਖੱਜਲ ਖੁਆਰੀ ਅਤੇ ਆਪਸੀ ਦੁਸ਼ਮਣੀਆਂ ਵੀ ਵਧੀਆਂ ਹਨ।
ਇਸ ਸਭ ਦੇ ਮੱਦੇਨਜ਼ਰ ਚੀਫ ਸੈਕਟਰੀ ਪੰਜਾਬ ਸ਼੍ਰੀ ਵਿਜੇ ਕੁਮਾਰ ਜੰਜੂਆ ਵੱਲੋਂ ਇੱਕ ਪੱਤਰ ਜਾਰੀ ਕਰਦਿਆਂ ਹਦਾਇਤ ਕੀਤੀ ਗਈ ਹੈ ਕਿ ਇਸ ਸਬੰਧੀ ਹਰ ਕਿਸਮ ਦੀਆਂ ਝੂਠੀਆਂ, ਬੇਬੁਨੀਆਦ, ਮਨਘੜਤ ਖਬਰਾਂ ਨੂੰ ਕਿਸੇ ਵੀ ਪਲੈਟਫਾਰਮ ਤੇ ਸਾਂਝਾ ਕਰਨ ਵਾਲਿਆਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਕੋਈ ਵੀ ਨਾਗਰਿਕ ਆਪਣੀ ਸ਼ਿਕਾਇਤ ਸਬੰਧਤ ਥਾਣੇ ਜਾਂ ਦਫਤਰ ਡਿਪਟੀ ਕਮਿਸ਼ਨਰ ਵਿਖੇ ਵੀ ਜਾਣਕਾਰੀ ਸਾਂਝੀ ਕਰ ਸਕਦਾ ਹੈ।
ਇੱਕ ਅਜਿਹੀ ਮਨਘੜਤ ਖਬਰ ਨੂੰ ਸ਼ੋਸ਼ਲ ਮੀਡੀਆ ਰਾਹੀਂ ਲੋਕਾਂ ਵਿੱਚ ਘਬਰਾਹਟ ਅਤੇ ਸਨਸਨੀ ਫੈਲਾਉਣ ਦੇ ਮਕਸਦ ਨਾਲ ਲੋਕਾਂ ਨੂੰ ਭਰਮ ਭੁਲੇਖੇ ਵਿੱਚ ਪਾੳਂਦੀ ਇੱਕ ਪੋਸਟ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਫੋਟੋ ਲਗਾ ਕੇ ਕਿਸੇ ਵੱਲੋਂ ਇਹ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ “ਇਹ ਪਹਿਲੀ ਵਾਰ ਹੋ ਰਿਹੈ ਕਿ ਖਾਤਿਆਂ ਚ ਪੈਸੇ ਗਿਰਦਾਵਰੀਆਂ ਹੋਣ ਤੋਂ ਪਹਿਲਾਂ ਜਾ ਰਹੇ ਨੇ, ਗਿਰਦਾਵਰੀਆਂ ਹੁੰਦੀਆਂ ਰਹਿਣਗੀਆਂ ”।
ਡਿਪਟੀ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਸਪੈਸ਼ਲ ਗਿਰਦਾਵਰੀ ਜੋ ਕਿ ਜ਼ਿਲ੍ਹੇ ਵਿੱਚ ਤਕਰੀਬਨ ਮੁਕੰਮਲ ਹੋ ਚੁੱਕੀ ਹੈ, ਦੇ ਬਾਅਦ ਹੀ ਮੁਆਵਜ਼ਾ ਰਾਸ਼ੀ ਵੰਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਅਤੇ ਜ਼ਿਲ੍ਹੇ ਦੇ ਜਿਨ੍ਹਾਂ ਖੇਤਾਂ ਦੀ 100 ਪ੍ਰਤੀਸ਼ਤ ਗਿਰਦਾਵਰੀ ਹੋ ਚੁੱਕੀ ਹੈ ਉੱਥੇ ਸਰਕਾਰ ਵੱਲੋਂ ਪੈਸਾ ਦੇਣਾਂ ਸ਼ੁਰੂ ਕਰ ਦਿੱਤਾ ਗਿਆ ਹੈ।