ਸ੍ਰੀ ਅਨੰਦਪੁਰ ਸਾਹਿਬ, 1 ਮਾਰਚ 2022 – ਸੋਨਾਲੀ ਗਿਰਿ ਆਈ.ਏ.ਐਸ ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਵੱਲੋਂ ਹੋਲਾ ਮੁਹੱਲਾ ਦੇ ਤਿਉਹਾਰ ਨੂੰ ਧਿਆਨ ਵਿਚ ਰੱਖਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਖੇਤਰ ਦੇ ਤਿੰਨ ਕਿਲੋਮੀਟਰ ਦੇ ਏਰੀਏ ਅੰਦਰ 17 ਮਾਰਚ ਤੋ 19 ਮਾਰਚ ਤੱਕ ਹਰ ਕਿਸਮ ਦੇ ਸ਼ਰਾਬ ਦੇ ਠੇਕੇ/ਅਹਾਤੇ,ਸ਼ਰਾਬ ਦੇ ਭੰਡਾਰ ਰੱਖਣ, ਹੋਟਲਾਂ ਆਦਿ ਵਿਚ ਸ਼ਰਾਬ ਦੀ ਵਰਤੋ ਤੇ ਪੂਰਨ ਪਾਬੰਦੀ ਲਗਾਈ ਹੈ।
ਹੋਲਾ ਮੁਹੱਲਾ ਦੇ ਤਿਉਹਾਰ ਮੌਕੇ ਲੱਖਾਂ ਸ਼ਰਧਾਲੂ ਇਸ ਮੌਕੇ ਤੇ ਧਾਰਮਿਕ ਭਾਵਨਾਵਾਂ ਨਾਲ ਇਨ੍ਹਾਂ ਨਗਰਾਂ ਵਿਚ ਆਉਦੇ ਹਨ ਅਤੇ ਅਜਿਹੇ ਧਾਰਮਿਕ ਸਮਾਗਮਾਂ ਉਤੇ ਸ਼ਰਾਬ ਪੀ ਕੇ ਆਉਣ ਵਾਲੇ ਵਿਅਕਤੀ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੇ ਹਨ ਅਤੇ ਇਸ ਦੇ ਨਾਲ ਹੀ ਅਮਨ ਤੇ ਕਾਨੂੰਨ ਦੀ ਸਥਿਤੀ ਵੀ ਭੰਗ ਕਰ ਸਕਦੇ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਆਦੇਸ਼ ਅਨੁਸਾਰ ਇਸ ਸਬੰਧੀ ਇਹ ਜਰੂਰੀ ਸਮਝਿਆ ਜਾਂਦਾ ਹੈ ਕਿ ਹੋਲੇ ਮੁਹੱਲੇ ਦੇ ਤਿਉਹਾਰ ਦੌਰਾਨ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਤਿੰਨ ਕਿਲੋਮੀਟਰ ਦੇ ਏਰੀਏ ਅੰਦਰ ਆਉਣ ਵਾਲੇ ਸਾਰੇ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣ। ਇਹ ਹੁਕਮ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਇੱਕ ਤਰਫਾ ਪਾਸ ਕਰਕੇ ਪਬਲਿਕ ਦੇ ਨਾਮ ਜਾਰੀ ਕੀਤਾ ਗਿਆ ਹੈ।