ਚੰਡੀਗੜ੍ਹ, 6 ਮਈ, 2023: ਵਿਜੀਲੈਂਸ ਬਿਊਰੋ ਨੇ ਇਕ ਐਫ ਆਈ ਆਰ ਦਰਜ ਕੀਤੀ ਹੈ ਜਿਸ ਵਿਚ 18 ਜਣਿਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ ਜਿਹਨਾਂ ਨੇ ਜਾਅਲਸਾਜ਼ੀ ਨਾਲ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਵੇਲੇ ਮੁਆਵਜ਼ਾ ਹਾਸਲ ਕੀਤਾ। ਇਹਨਾਂ 18 ਮੁਲਜ਼ਮਾਂ ਵਿਚ ਫਿਰੋਜ਼ਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਇਕ ਹੋਰ ਆਈ ਏ ਐਸ ਅਫਸਰ ਦੀ ਪਤਨੀ ਦਾ ਨਾਂ ਵੀ ਸ਼ਾਮਲ ਹੈ।
ਦੋਸ਼ ਹਨ ਕਿ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਿੱਚ ਤਾਇਨਾਤੀ ਦੌਰਾਨ ਪੰਜਾਬ ਦੇ ਕਈ ਅਧਿਕਾਰੀਆਂ ਨੇ ਆਪਣੀਆਂ ਪਤਨੀਆਂ ਦੇ ਨਾਂ ’ਤੇ ਕਰੋੜਾਂ ਰੁਪਏ ਦਾ ਮੁਆਵਜ਼ਾ ਲੈ ਲਿਆ। ਫਿਰੋਜ਼ਪੁਰ ਦੇ ਡੀਸੀ ਰਾਜੇਸ਼ ਧੀਮਾਨ ਦੀ ਪਤਨੀ ਜੈਸਮੀਨ ਕੌਰ ਵੀ ਮੁਲਜ਼ਮਾਂ ਵਿੱਚ ਸ਼ਾਮਲ ਹੈ।
ਅਧਿਕਾਰੀਆਂ ਨੇ ਆਪਣੀਆਂ ਪਤਨੀਆਂ ਦੇ ਨਾਂ ‘ਤੇ ਇਕ ਕਰੋੜ 17 ਲੱਖ 56 ਹਜ਼ਾਰ ਰੁਪਏ ਦਾ ਮੁਆਵਜ਼ਾ ਲੈ ਲਿਆ। ਬਾਕਰਪੁਰ ਵਿੱਚ ਜਸਮੀਨ ਦੇ ਨਾਂ ’ਤੇ ਦੋ ਏਕੜ ਜ਼ਮੀਨ ਦਾ ਬਾਗ ਦਿਖਾਇਆ ਗਿਆ। ਇਸ ਧੋਖਾਧੜੀ ਦਾ ਢੰਗ ਵੀ ਬਿਲਕੁਲ ਵੱਖਰਾ ਸੀ। ਗਮਾਡਾ ਵਿੱਚ 2016 ਤੋਂ 2020 ਦਰਮਿਆਨ ਬਾਗਬਾਨੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਜ਼ਮੀਨ ਐਕੁਆਇਰ ਕਰਕੇ ਕਰੋੜਾਂ ਰੁਪਏ ਦਾ ਮੁਆਵਜ਼ਾ ਲਿਆ ਗਿਆ।
ਗਮਾਡਾ ਦੇ ਅਧਿਕਾਰੀਆਂ ਨੂੰ ਪਤਾ ਸੀ ਕਿ ਕਦੋਂ ਅਤੇ ਕਿਹੜੀ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ, ਇਸ ਲਈ ਜ਼ਮੀਨ ਪਹਿਲਾਂ ਹੀ ਪਤਨੀਆਂ ਦੇ ਨਾਂ ‘ਤੇ ਖਰੀਦੀ ਗਈ ਸੀ ਅਤੇ ਉਥੇ ਅਮਰੂਦ ਦੇ ਬਾਗ ਵੀ ਰਿਕਾਰਡ ਵਿਚ ਦਿਖਾਏ ਗਏ ਸਨ। ਜਿਸ ਸਮੇਂ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਹੋਈ, ਉਸ ਸਮੇਂ ਰਾਜੇਸ਼ ਧੀਮਾਨ ਵੀ ਗਮਾਡਾ ਵਿੱਚ ਉੱਚ ਅਹੁਦੇ ’ਤੇ ਤਾਇਨਾਤ ਸਨ।
ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਪਤਾ ਸੀ ਕਿ ਅਮਰੂਦ ਦਾ ਬੂਟਾ ਸਭ ਤੋਂ ਤੇਜ਼ੀ ਨਾਲ ਵਧਦਾ ਹੈ, ਅਗਲੇ 20 ਸਾਲਾਂ ਤੱਕ ਮੁਆਵਜ਼ਾ ਮਿਲਣਾ ਤੈਅ ਹੈ। ਅਜਿਹੇ ‘ਚ 20 ਸਾਲ ਤੱਕ ਧੋਖੇ ਨਾਲ ਕਰੋੜਾਂ ਦਾ ਮੁਆਵਜ਼ਾ ਲਿਆ ਗਿਆ। ਐਫਆਈਆਰ ਮੁਤਾਬਕ ਰਾਜੇਸ਼ ਦੀ ਪਤਨੀ ਜੈਸਮੀਨ ਦੇ ਨਾਂ ‘ਤੇ 1.17 ਕਰੋੜ ਰੁਪਏ ਦਾ ਮੁਆਵਜ਼ਾ ਲਿਆ ਗਿਆ ਸੀ। ਜਾਅਲੀ ਮੁਆਵਜ਼ਾ ਲੈਣ ਵਾਲਿਆਂ ਵਿੱਚ ਸੀਏ, ਪ੍ਰਾਪਰਟੀ ਡੀਲਰ, ਗਮਾਡਾ ਦੇ ਅਧਿਕਾਰੀ ਆਦਿ ਵੀ ਸ਼ਾਮਲ ਹਨ।
ਘਪਲੇ ‘ਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਬਿਊਰੋ ਨੇ 6 ਟੀਮਾਂ ਦਾ ਗਠਨ ਕੀਤਾ ਹੈ, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ, ਬਠਿੰਡਾ, ਹੁਸ਼ਿਆਰਪੁਰ, ਮੋਹਾਲੀ ਸਮੇਤ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋ ਟੀਮਾਂ ਨੇ ਮਾਲ ਤੇ ਬਾਗਬਾਨੀ ਵਿਭਾਗ ਦੇ ਮੁਲਾਜ਼ਮਾਂ ਦੇ ਘਰਾਂ ’ਤੇ ਵੀ ਛਾਪੇਮਾਰੀ ਕੀਤੀ ਹੈ। ਹੁਣ ਤੱਕ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਾਕੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇਹ ਡਿਊਟੀ ਸੀ ਕਿ ਉਹ ਐਕੁਆਇਰ ਕੀਤੀ ਜਾ ਰਹੀ ਜ਼ਮੀਨ ‘ਤੇ ਲਗਾਏ ਗਏ ਬਾਗਾਂ ਅਤੇ ਰੁੱਖਾਂ ਦਾ ਜਾਇਜ਼ਾ ਲੈਣ। ਨਿਯਮਾਂ ਅਨੁਸਾਰ ਇੱਕ ਏਕੜ ਵਿੱਚ 132 ਪੌਦੇ ਹੋਣੇ ਚਾਹੀਦੇ ਹਨ ਪਰ ਉਸ ਨੇ 2000 ਤੋਂ 2500 ਪੌਦੇ ਲਾਏ। ਜੋ ਕਿ ਪੀਏਯੂ ਦੀਆਂ ਸਿਫ਼ਾਰਸ਼ਾਂ ਦੀ ਸਿੱਧੀ ਉਲੰਘਣਾ ਹੈ। ਵਿਭਾਗ ਦੇ ਕਈ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਮੁਲਜ਼ਮਾਂ ਨੇ ਪਹਿਲਾਂ ਪਤਨੀਆਂ ਦੇ ਨਾਂ ਜ਼ਮੀਨ ਖਰੀਦੀ, ਫਿਰ ਮੁਆਵਜ਼ਾ ਲੈ ਲਿਆ। ਕੇਸ ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਕਈ ਟ੍ਰਾਈਸਿਟੀ ਦੇ ਵਸਨੀਕ ਹਨ। ਫਿਰੋਜ਼ਪੁਰ ਦੇ ਡੀਸੀ ਰਾਜੇਸ਼ ਧੀਮਾਨ ਪੀਸੀਐਸ ਦੌਰਾਨ ਗਮਾਡਾ ਸਮੇਤ ਕਈ ਅਹਿਮ ਅਹੁਦਿਆਂ ’ਤੇ ਤਾਇਨਾਤ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਨੂੰ ਸੀਨੀਆਰਤਾ ਦੇ ਹਿਸਾਬ ਨਾਲ ਪੀਸੀਐਸ ਤੋਂ ਆਈਏਐਸ ਅਧਿਕਾਰੀ ਬਣਾਇਆ ਗਿਆ ਹੈ।
ਬਾਕਰਪੁਰ ਦੇ ਵਸਨੀਕ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਨੇ ਗਮਾਡਾ, ਮਾਲ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲ ਕੇ ਵਾਹੀਯੋਗ ਜ਼ਮੀਨ ਦੀ ਲੀਜ਼-ਪਾਵਰ ਆਫ਼ ਅਟਾਰਨੀ ਲੈ ਕੇ ਅਮਰੂਦ ਦੇ ਬਾਗ ਲਗਾਏ।
ਮੁਲਜ਼ਮਾਂ ਨੇ ਹਲਕਾ ਪਟਵਾਰੀ ਬਚਿੱਤਰ ਸਿੰਘ ਦੀ ਮਿਲੀਭੁਗਤ ਨਾਲ ਜਾਅਲੀ ਗਿਰਦਾਵਰੀ ਰਜਿਸਟਰ ਤਿਆਰ ਕੀਤਾ, ਜਿਸ ਵਿੱਚ ਉਸ ਨੇ ਆਪਣੀ ਜ਼ਮੀਨ ’ਤੇ 2016 ਤੋਂ ਅਮਰੂਦ ਦੇ ਬਾਗਾਂ ਦਾ ਮਾਲਕ ਹੋਣ ਦਾ ਦਾਅਵਾ ਕੀਤਾ ਅਤੇ ਕਰੋੜਾਂ ਰੁਪਏ ਦਾ ਨਾਜਾਇਜ਼ ਮੁਆਵਜ਼ਾ ਹਾਸਲ ਕੀਤਾ। ਇਸ ਅਮਰੂਦ ਦੇ ਬਾਗ ਲਈ ਭੁਪਿੰਦਰ ਸਿੰਘ ਨੇ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਲਈ ਕਰੀਬ 24 ਕਰੋੜ ਰੁਪਏ ਦਾ ਮੁਆਵਜ਼ਾ ਲਿਆ।