ਚੰਡੀਗੜ੍ਹ, 22 ਮਾਰਚ 2023 – ਸੈਕਟਰ-37ਏ ਸਥਿਤ ਜੀਓ-ਇਨਫੋਰਮੈਟਿਕਸ ਰਿਸਰਚ ਇਸਟੈਬਲਿਸ਼ਮੈਂਟ (ਡੀਡੀਆਈ) ਦਫਤਰ ਦੀ ਪਹਿਲੀ ਮੰਜ਼ਿਲ ‘ਤੇ ਮੰਗਲਵਾਰ ਸਵੇਰੇ ਇਕ ਟੈਕਨੀਸ਼ੀਅਨ ਸ਼ੱਕੀ ਹਾਲਾਤਾਂ ‘ਚ ਲਹੂ-ਲੁਹਾਨ ਹੋਇਆ ਮਿਲਿਆ। ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਪੀਜੀਆਈ ਲਿਜਾਇਆ ਗਿਆ, ਪਰ ਉੱਥੇ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੀ ਪਛਾਣ 40 ਸਾਲਾ ਜਸਵਿੰਦਰ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ। ਉਸ ਦੀ ਜੇਬ ‘ਚੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ‘ਚ ਲਿਖਿਆ ਹੈ ਕਿ ਮੈਂ ਤਿੰਨ ਉੱਚ ਅਧਿਕਾਰੀਆਂ ਤੋਂ ਪਰੇਸ਼ਾਨ ਹਾਂ, ਮੇਰੀ ਇਧਰ-ਉਧਰ ਬਦਲੀ ਕੀਤੀ ਜਾ ਰਹੀ ਹੈ।
ਸੈਕਟਰ-39 ਥਾਣਾ ਪੁਲਸ ਖੁਦਕੁਸ਼ੀ ਨੋਟ ਦੀ ਖੁਦਕੁਸ਼ੀ ਜਾਂ ਕਤਲ ਦੇ ਪਹਿਲੂ ਨਾਲ ਜਾਂਚ ਕਰ ਰਹੀ ਹੈ। ਸੈਕਟਰ-37ਏ ਵਿਖੇ ਸਥਿਤ ਜੀਓ-ਇਨਫੋਰਮੈਟਿਕਸ ਰਿਸਰਚ ਐਸਟੈਬਲਿਸ਼ਮੈਂਟ (ਡੀਡੀਆਈ) ਰੱਖਿਆ ਮੰਤਰਾਲੇ ਦੇ ਅਧੀਨ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦਾ ਇੱਕ ਹਿੱਸਾ ਹੈ। ਸੂਚਨਾ ਮਿਲਦੇ ਹੀ ਮ੍ਰਿਤਕ ਦੇ ਭਰਾ ਭੁਪਿੰਦਰ ਸਿੰਘ ਸਮੇਤ ਰਿਸ਼ਤੇਦਾਰ ਪਟਿਆਲਾ ਤੋਂ ਚੰਡੀਗੜ੍ਹ ਪਹੁੰਚ ਗਏ ਸਨ। ਮ੍ਰਿਤਕ ਦੇ ਵੱਡੇ ਭਰਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਅਣਵਿਆਹਿਆ ਸੀ। ਉਹ ਰੋਜ਼ਾਨਾ ਪਟਿਆਲਾ ਤੋਂ ਡੀਡੀਆਈ ਦਫ਼ਤਰ ਆਉਂਦਾ ਸੀ।
ਮੰਗਲਵਾਰ ਦੁਪਹਿਰ 11 ਵਜੇ ਉਸ ਦੇ ਛੋਟੇ ਭਰਾ ਦੇ ਨੰਬਰ ‘ਤੇ ਫੋਨ ਆਇਆ ਕਿ ਜਸਵਿੰਦਰ ਸਿੰਘ ਨੂੰ ਗੰਭੀਰ ਸੱਟ ਲੱਗੀ ਹੈ, ਤੁਸੀਂ ਪੀ.ਜੀ.ਆਈ. ਆ ਜਾਓ। ਇਸ ਤੋਂ ਬਾਅਦ ਪੀਜੀਆਈ ਪਹੁੰਚਣ ‘ਤੇ ਉਸ ਨੂੰ ਪਤਾ ਲੱਗਾ ਕਿ ਉਸ ਦਾ ਭਰਾ ਦਫ਼ਤਰ ਦੀ ਪਹਿਲੀ ਮੰਜ਼ਿਲ ‘ਤੇ ਖੂਨ ਨਾਲ ਲੱਥਪੱਥ ਪਿਆ ਮਿਲਿਆ ਸੀ। ਉਸ ਦੀ ਜੇਬ ‘ਚੋਂ ਇਕ ਨੋਟ ਵੀ ਬਰਾਮਦ ਹੋਇਆ ਹੈ।
ਪੁਲਿਸ ਨੇ ਨੋਟ ਵੀ ਜ਼ਬਤ ਕਰ ਲਿਆ ਹੈ। ਨੋਟ ਵਿੱਚ ਵਿਭਾਗ ਦੇ ਤਿੰਨ ਉੱਚ ਅਧਿਕਾਰੀਆਂ ਦੇ ਨਾਂ ਲਿਖੇ ਹੋਏ ਹਨ। ਇਸ ਵਿੱਚ ਲਿਖਿਆ ਗਿਆ ਸੀ ਕਿ ਉਨ੍ਹਾਂ ਦੀ ਬਦਲੀ ਜਾਂ ਇਧਰ-ਉਧਰ ਭੇਜ ਕੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸੈਕਟਰ-39 ਥਾਣਾ ਪੁਲਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ‘ਚ ਜੁਟੀ ਹੋਈ ਹੈ।