ਮੋਹਾਲੀ, 3 ਅਕਤੂਬਰ 2022 – ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬੀ ਗਾਇਕਾਂ ਨੂੰ ਗੈਂਗਸਟਰਾਂ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੌਰਾਨ ਖ਼ਬਰ ਸਾਹਮਣੇ ਆਈ ਹੈ ਕਿ ਕੁਝ ਲੋਕਾਂ ਨੇ ਪੰਜਾਬੀ ਗਾਇਕ ਅਲਫਾਜ਼ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਅਲਫਾਜ਼ ਗੰਭੀਰ ਜ਼ਖਮੀ ਹੈ ਅਤੇ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਹੈ। ਨਾਲ ਹੀ ਖ਼ਬਰ ਇਹ ਵੀ ਹੈ ਕੇ ਮੋਹਾਲੀ ਪੁਲਿਸ ਨੇ ਟੱਕਰ ਮਾਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਰੈਪਰ ਯੋ-ਯੋ ਹਨੀ ਸਿੰਘ ਨੇ ਸੋਸ਼ਲ ਮੀਡਿਆ ‘ਤੇ ਪੋਸਟ ਪਾ ਕੇ ਇਸਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਮੋਹਾਲੀ ਪੁਲਿਸ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਅਲਫਾਜ਼ ਹੁਣ ਖ਼ਤਰੇ ਤੋਂ ਬਾਹਰ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਮੋਹਾਲੀ ਦੇ ਲਾਂਡਰਾ ਰੋਡ ‘ਤੇ ਇਕ ਰੈਸਟੋਰੈਂਟ ‘ਚ ਮਾਮੂਲੀ ਤਕਰਾਰ ਤੋਂ ਬਾਅਦ ਅਲਫਾਜ਼ ‘ਤੇ ਹੋਇਆ। ਪੌਪ ਗਾਇਕ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰ ਸ਼ੇਅਰ ਕਰਕੇ ਗਾਇਕ ਅਲਫਾਜ਼ ‘ਤੇ ਹੋਏ ਹਮਲੇ ਦੀ ਜਾਣਕਾਰੀ ਦਿੱਤੀ ਹੈ। ਜਿਸ ਤੋਂ ਬਾਅਦ ਥਾਣਾ ਸੁਹਾਣਾ ਦੀ ਪੁਲਸ ਘਟਨਾ ਦਾ ਜਾਇਜ਼ਾ ਲੈਣ ਮੌਕੇ ‘ਤੇ ਪਹੁੰਚੀ।
ਪੁਲੀਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹਨੀ ਸਿੰਘ ਨੇ ਜ਼ਖਮੀ ਹਾਲਤ ‘ਚ ਹਸਪਤਾਲ ਪਹੁੰਚ ਕੇ ਸੋਸ਼ਲ ਮੀਡੀਆ ‘ਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਹਨੀ ਸਿੰਘ ਵੱਲੋਂ ਪੋਸਟ ਕੀਤੀ ਗਈ ਤਸਵੀਰ ਵਿੱਚ ਅਲਫ਼ਾਜ਼ ਹਸਪਤਾਲ ਦੇ ਬੈੱਡ ‘ਤੇ ਦਾਖ਼ਲ ਨਜ਼ਰ ਆ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਉਸ ਦੇ ਸਰੀਰ ‘ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ। ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਹਨੀ ਸਿੰਘ ਨੇ ਇਸ ਤਸਵੀਰ ਨਾਲ ਲਿਖਿਆ ਕਿ ਇਸ ਹਮਲੇ ਪਿੱਛੇ ਜੋ ਵੀ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਹਾਦਸੇ ‘ਚ ਅਲਫਾਜ਼ ਦੀ ਰੀੜ੍ਹ ਦੀ ਹੱਡੀ ‘ਤੇ ਸੱਟ ਲੱਗੀ ਹੈ। ਕਲਾਕਾਰ ਆਪਣੇ ਤਰੀਕੇ ਨਾਲ ਅਲਫਾਜ਼ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।
ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਇਹ ਵੀ ਚਰਚਾ ਹੈ ਕਿ ਕੀ ਅਲਫਾਜ਼ ‘ਤੇ ਹਮਲਾ ਕਿਸੇ ਦੁਸ਼ਮਣੀ ਕਾਰਨ ਹੋਇਆ ਹੈ। ਮੌਕੇ ਤੋਂ ਪਤਾ ਲੱਗਾ ਕਿ ਹਮਲੇ ਤੋਂ ਬਾਅਦ ਟੈਂਪੂ ਟਰੈਵਲ ਨਾਲ ਅਲਫਾਜ਼ ਟੱਕਰ ਵੀ ਮਾਰੀ ਗਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਅਲਫਾਜ਼ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਅਨਜੋਤ ਸਿੰਘ ਪੰਨੂ ਹੈ।