ਗੁਰਦਾਸਪੁਰ ਆਉਣ ਲਈ ਸਾਮਾਨ ਪੈਕ ਕਰ ਰਿਹਾ ਸੀ, ਦਿਮਾਗੀ ਨਾੜੀ ਫਟ ਗਈ
ਗੁਰਦਾਸਪੁਰ, 28 ਦਸੰਬਰ 2023 – ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਮਸਰਾਲਾ ਦੇ 24 ਸਾਲਾ ਨੌਜਵਾਨ ਦੀ ਕੈਨੇਡਾ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਨਪਾਲ ਸਿੰਘ ਵਜੋਂ ਹੋਈ ਹੈ। ਜੋ 2019 ‘ਚ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਮ੍ਰਿਤਕ ਭਾਰਤ ਪਰਤਣ ਲਈ ਆਪਣਾ ਸਮਾਨ ਪੈਕ ਕਰ ਰਿਹਾ ਸੀ। ਇਸ ਦੌਰਾਨ ਦਿਮਾਗ ਦੀ ਨਾੜੀ ਫਟ ਗਈ ਅਤੇ ਕੰਨਾਂ ‘ਚੋਂ ਖੂਨ ਵਹਿਣ ਲੱਗਾ। ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੇ ਪਿਤਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਅਮਨਪਾਲ ਸਿੰਘ (ਗੋਪੀ) ਕੈਨੇਡਾ ਦੇ ਸ਼ਹਿਰ ਬ੍ਰਹਮਟਨ ਵਿਖੇ ਸਟੱਡੀ ਵੀਜ਼ੇ ’ਤੇ ਪੜ੍ਹਨ ਗਿਆ ਸੀ। ਕੁਝ ਮਹੀਨੇ ਪਹਿਲਾਂ ਸਤੰਬਰ 2023 ਵਿੱਚ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡ ਮਸਰਾਲਾ ਆਇਆ ਸੀ। ਕੁੱਝ ਸਮਾਂ ਠਹਿਰਨ ਤੋਂ ਬਾਅਦ, ਉਹ ਵਾਪਸ ਕੈਨੇਡਾ ਚਲਾ ਗਿਆ ਸੀ।
ਉਸ ਨੇ ਦੱਸਿਆ ਕਿ ਉਸ ਨੇ 26 ਦਸੰਬਰ ਦੀ ਟਿਕਟ ਬੁੱਕ ਕਰਵਾਈ ਸੀ। ਉਸ ਨੇ ਭਾਰਤ ਵਾਪਸ ਆਉਣ ਲਈ ਆਪਣਾ ਸਾਮਾਨ ਪੈਕ ਕਰ ਲਿਆ ਸੀ ਪਰ 26 ਦਸੰਬਰ ਨੂੰ ਦੁਪਹਿਰ 1 ਵਜੇ ਦੇ ਕਰੀਬ ਅਚਾਨਕ ਉਸ ਦੇ ਦਿਮਾਗ ਦੀ ਨਾੜੀ ਫਟ ਗਈ ਅਤੇ ਉਸ ਦੇ ਕੰਨ ‘ਚੋਂ ਖੂਨ ਨਿਕਲਣ ਲੱਗਾ, ਜਿਸ ਕਾਰਨ ਉਸ ਦੇ ਦੋਸਤਾਂ ਨੇ ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਇਲਾਜ ਲਈ ਹਸਪਤਾਲ ਪਹੁੰਚਾਇਆ।
ਜਿੱਥੇ ਇਲਾਜ ਦੌਰਾਨ ਉਸ ਦੇ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਨਿਸ਼ਾਨ ਸਿੰਘ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਪੁੱਤਰ ਦੀ ਲਾਸ਼ ਨੂੰ ਜਲਦ ਤੋਂ ਜਲਦ ਭਾਰਤ ਭੇਜਿਆ ਜਾਵੇ। ਡੇਰਾ ਬਾਬਾ ਨਾਨਕ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਪਿੰਡ ਪਹੁੰਚ ਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।