- ਮਾਂ ਅਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ
- ਡਰਾਈਵਰ ਦੀ ਅਣਗਹਿਲੀ ਕਾਰਨ ਵਾਪਰਿਆ ਹਾਦਸਾ
ਗੁਰਦਾਸਪੁਰ, 9 ਸਤੰਬਰ 2023 – ਸ੍ਰੀ ਹਰਗੋਬਿੰਦਪੁਰ ਦੇ ਪਿੰਡ ਚੀਮਾ ਖੁੱਡੀ ਦੇ ਇੱਕ 5 ਸਾਲਾ ਬੱਚੇ ਦੀ ਸਕੂਲ ਬੱਸ ਦੀ ਲਪੇਟ ਵਿੱਚ ਆਉਣ ਨਾਲ ਦਰਦਨਾਕ ਮੌਤ ਹੋ ਗਈ। ਘਟਨਾ ਬੀਤੇ ਕੱਲ੍ਹ ਦੀ ਹੈ। ਉਥੇ ਹੀ ਬੱਚੇ ਦੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪਿਤਾ ਅਤੇ ਦਾਦੀ ਅਤੇ ਮਾਂ ਆਪਣੇ ਬੱਚਿਆਂ ਦੀ ਉਡੀਕ ਰਹੇ ਸਨ, ਪਰ ਬੱਸ ਚੋਂ ਉਤਰਦੇ ਹੋਏ ਬੱਸ ਡਰਾਈਵਰ ਦੀ ਅਣਗਹਿਲਆ ਕਾਰਨ ਇਸ ਪਰਿਵਾਰ ‘ਤੇ ਕਹਿਰ ਟੁੱਟ ਗਿਆ। ਘਰ ਦਾ ਛੋਟਾ ਪੁੱਤ ਨਹੀਂ ਰਿਹਾ ਅਤੇ ਮਾਂ ਦਾ ਬੁਰਾ ਹਾਲ ਹੈ। ਪੁੱਤ ਦੇ ਸਕੂਲ ਬੈਗ ਅਤੇ ਕਾਪੀਆਂ ਚੁੰਮਦੀ ਹੋਈ ਆਖ ਰਹੀ ਹੈ ਮੇਰਾ ਪੁੱਤ ਮੋੜ ਲਿਆਓ — ਉਥੇ ਹੀ ਪਰਿਵਾਰ ਡਰਾਈਵਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਮ੍ਰਿਤਕ ਲੜਕੇ ਦੇ ਪਿਤਾ ਦਵਿੰਦਰ ਸਿੰਘ ਵਾਸੀ ਪਿੰਡ ਚੀਮਾ ਖੁੱਡੀ ਨੇ ਦੱਸਿਆ ਕਿ ਉਸ ਦਾ 5 ਸਾਲਾ ਪੁੱਤਰ ਹਰਕੀਰਤ ਸਿੰਘ ਨਰਸਰੀ ਜਮਾਤ ਵਿੱਚ ਅਤੇ 10 ਸਾਲਾ ਪੁੱਤਰੀ ਸਹਿਜਪ੍ਰੀਤ ਕੌਰ ਘੁਮਾਣ ਦੇ ਇੱਕ ਨਿੱਜੀ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦੀ ਹੈ। ਉਸਨੇ ਦੱਸਿਆ ਕਿ ਸੁੱਕਰਵਾਰ ਨੂੰ ਛੁੱਟੀ ਤੋਂ ਬਾਅਦ ਜਦੋਂ ਸਕੂਲ ਬੱਸ ਦੋਵੇਂ ਬੱਚਿਆਂ ਨੂੰ ਛੱਡਣ ਲਈ ਵਾਪਸ ਆਈ ਤਾਂ ਪਿੰਡ ਦੇ ਬਾਹਰ ਸੜਕ ‘ਤੇ ਬੱਸ ਵਿਚੋਂ ਪਹਿਲਾਂ ਉਸਦੀ ਬੇਟੀ ਸਹਿਜਪ੍ਰੀਤ ਕੌਰ ਉੱਤਰੀ ਅਤੇ ਉਸ ਤੋਂ ਬਾਅਦ ਬੇਟਾ ਹਰਕੀਰਤ ਸਿੰਘ। ਉਸਨੇ ਦੱਸਿਆ ਕਿ ਡਰਾਈਵਰ ਨੇ ਬੱਸ ਉਸੇ ਵੇਲੇ ਤੋਰ ਦਿੱਤੀ ਜਦਕਿ ਉਸਦਾ ਬੇਟਾ ਹਰਕੀਰਤ ਅਜੇ ਠੀਕ ਤਰ੍ਹਾਂ ਹੇਠਾਂ ਨਹੀਂ ਸੀ ਉਤਰਿਆ , ਜਿਸ ਕਾਰਨ ਉਸ ਦਾ ਲੜਕਾ ਹਰਕੀਰਤ ਸਿੰਘ ਸੜਕ ‘ਤੇ ਡਿੱਗ ਗਿਆ ਅਤੇ ਉਸੇ ਸਕੂਲੀ ਬੱਸ ਦੀ ਲਪੇਟ ‘ਚ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਬੱਸ ‘ਚ ਕੋਈ ਹੈਲਪਰ ਵੀ ਨਹੀਂ ਸੀ ਅਤੇ ਡਰਾਈਵਰ ਬੱਸ ਭਜਾ ਕੇ ਲੈ ਗਿਆ। ਉਥੇ ਹੀ ਪਰਿਵਾਰ ਨੇ ਦੋਸ਼ ਲਾਇਆ ਕਿ ਸਕੂਲ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਉਸ ਦੇ ਬੱਚੇ ਦੀ ਮੌਤ ਹੋਈ ਹੈ। ਉਨ੍ਹਾਂ ਪੁਲੀਸ ਤੋਂ ਸਖ਼ਤ ਕਾਰਵਾਈ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ।
ਥਾਣਾ ਸ੍ਰੀਹਰਗੋਬਿੰਦਪੁਰ ਦੀ ਐਸਐਚਓ ਬਲਜੀਤ ਕੌਰ ਨੇ ਦੱਸਿਆ ਕਿ ਮੌਕੇ ਦਾ ਜਾਇਜ਼ਾ ਲੈ ਕੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਡਰਾਈਵਰ ਅਜੇ ਫਰਾਰ ਹੈ। ਥਾਣਾ ਮੁਖੀ ਨੇ ਕਿਹਾ ਕਿ ਮ੍ਰਿਤਕ ਬੱਚੇ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।