- ਜਲੰਧਰ ਦੇ ਇੱਕ ਰਿਜ਼ੋਰਟ ‘ਚ ਬੱਚੇ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਦੋ ਰਿਸ਼ਤੇਦਾਰਾਂ ‘ਚ ਹੋਈ ਸੀ ਝੜਪ
ਜਲੰਧਰ, 10 ਦਸੰਬਰ 2023 – ਜਲੰਧਰ ਦੇ ਇੱਕ ਰਿਜ਼ੋਰਟ ਵਿੱਚ ਬੱਚੇ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਦੋ ਰਿਸ਼ਤੇਦਾਰਾਂ ਵਿੱਚ ਝੜਪ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਤਰਨਤਾਰਨ ਤੋਂ ਆਏ ਇੱਕ ਰਿਸ਼ਤੇਦਾਰ ਨੇ ਗੋਲੀਆਂ ਚਲਾ ਦਿੱਤੀਆਂ। ਘਟਨਾ ਵਿੱਚ 11 ਸਾਲ ਬਾਅਦ ਅਮਰੀਕਾ ਤੋਂ ਆਏ ਐਨਆਰਆਈ ਦਿਲਜੀਤ ਸਿੰਘ ਨੂੰ ਦੋ ਗੋਲੀਆਂ ਲੱਗੀਆਂ। ਜਿਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਤਰਨਤਾਰਨ ਦੇ ਰਹਿਣ ਵਾਲੇ ਐਨਆਰਆਈ ਦਿਲਜੀਤ ਸਿੰਘ ਦੀ ਲਾਸ਼ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਥਾਣਾ ਰਾਮਾਮੰਡੀ ਦੀ ਪੁਲਸ ਨੇ ਦੋਸ਼ੀ ਪਾਏ ਗਏ ਸੁਰਜੀਤ ਸਿੰਘ ਵਾਸੀ ਤਰਨਤਾਰਨ ਅਤੇ ਹੋਰਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸ ਘਟਨਾ ਵਿੱਚ ਇੱਕ ਹੋਰ ਨੌਜਵਾਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਪਰਿਵਾਰ ਨੇ ਦੱਸਿਆ ਕਿ ਦੋਵੇਂ ਪਰਿਵਾਰ ਤਰਨਤਾਰਨ ਦੇ ਵਸਨੀਕ ਹਨ। ਬੱਚੇ ਦੇ ਜਨਮ ਦਿਨ ਦੀ ਪਾਰਟੀ ਲਈ ਢਿੱਲੋਂ ਰਿਜ਼ੋਰਟ ਬੁੱਕ ਕੀਤਾ ਗਿਆ ਸੀ। ਸ਼ਾਮ ਕਰੀਬ 6.30 ਵਜੇ ਸੁਰਜੀਤ ਤੇ ਦਿਲਜੀਤ ਬਾਥਰੂਮ ਗਏ ਸਨ। ਇਸ ਦੌਰਾਨ ਬਾਥਰੂਮ ਨੇੜੇ ਦੋਵਾਂ ਵਿਚਕਾਰ ਝਗੜਾ ਹੋ ਗਿਆ। ਪਹਿਲਾਂ ਦੋਵਾਂ ਵਿਚਾਲੇ ਜ਼ਬਰਦਸਤ ਲੜਾਈ ਹੋਈ ਅਤੇ ਫਿਰ ਗੁੱਸੇ ‘ਚ ਆਏ ਸੁਰਜੀਤ ਨੇ ਆਪਣੇ ਪਾਸਿਓਂ ਹਥਿਆਰ ਕੱਢ ਲਿਆ ਅਤੇ ਹਵਾ ‘ਚ ਕਈ ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਦੋਸ਼ੀ ਨੇ ਪਹਿਲੀ ਗੋਲੀ ਦਿਲਜੀਤ ਦੇ ਸਿਰ ‘ਤੇ ਅਤੇ ਦੂਜੀ ਗੋਲੀ ਛਾਤੀ ਤੋਂ ਹੇਠਾਂ ਢਿੱਡ ‘ਚ ਮਾਰੀ।
ਮ੍ਰਿਤਕ ਦਿਲਜੀਤ ਦੇ ਚਾਚੇ ਦੇ ਲੜਕੇ ਨੇ ਦੱਸਿਆ ਕਿ ਦਿਲਜੀਤ ਕਰੀਬ 11 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਉਸ ਦੀ ਪੰਜਾਬ ਵਿੱਚ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਪਰ ਮਾਮੂਲੀ ਤਕਰਾਰ ਦੌਰਾਨ ਸੁਰਜੀਤ ਨੇ ਗੋਲੀ ਚਲਾ ਦਿੱਤੀ। ਪਰਿਵਾਰ ਨੇ ਦੱਸਿਆ ਕਿ ਦਿਲਜੀਤ ਨੇ 3 ਦਿਨਾਂ ਬਾਅਦ ਅਮਰੀਕਾ ਪਰਤਣਾ ਸੀ। ਪਰ ਇਸ ਤੋਂ ਪਹਿਲਾਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ। ਦੱਸ ਦੇਈਏ ਕਿ ਘਟਨਾ ਤੋਂ ਬਾਅਦ ਪਰਿਵਾਰ ਦੇਰ ਰਾਤ ਤੱਕ ਹਸਪਤਾਲ ਦੇ ਬਾਹਰ ਰੋ ਰਿਹਾ ਸੀ।
ਘਟਨਾ ਤੋਂ ਬਾਅਦ ਪੀੜਤ ਨੂੰ ਛੁਡਾਉਣ ਆਏ ਨੌਜਵਾਨ ਦੀ ਵੀ ਸੁਰਜੀਤ ਨੇ ਕੁੱਟਮਾਰ ਕੀਤੀ। ਇਸ ਦੌਰਾਨ ਦੋਸ਼ੀ ਤੁਰੰਤ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਦਿਲਜੀਤ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਤੁਰੰਤ ਰਾਮਾਮੰਡੀ ਦੇ ਜੌਹਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ। ਜਿੱਥੇ ਕਰੀਬ ਅੱਧੇ ਘੰਟੇ ਬਾਅਦ ਦਿਲਜੀਤ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ ਕਮਿਸ਼ਨਰੇਟ ਦੇ ਏ.ਸੀ.ਪੀ ਸੈਂਟਰਲ ਨਿਰਮਲ ਸਿੰਘ ਅਤੇ ਥਾਣਾ ਰਾਮਾਮੰਡੀ ਦੀ ਪੁਲਸ ਪਾਰਟੀ ਜਾਂਚ ਲਈ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਮੌਕੇ ‘ਤੇ ਪਹੁੰਚਦੇ ਹੀ ਘਟਨਾ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਨੇ ਸੁਰਜੀਤ ਸਿੰਘ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਟੀਮਾਂ ਮੁਲਜ਼ਮਾਂ ਦਾ ਪਿੱਛਾ ਕਰ ਰਹੀਆਂ ਹਨ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।