ਮੋਰਿੰਡਾ, 14 ਅਗਸਤ 2025 – ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਆਪਣੀ ਭੈਣ ਕੋਲ ਰੱਖੜੀ ਬਨਵਾਉਣ ਲਈ ਜਾ ਰਿਹਾ ਸੀ ਕਿ ਅਚਾਨਕ ਗੱਡੀ ਨੂੰ ਅੱਗ ਲੱਗ ਗਈ, ਜਿਸ ਕਾਰਨ ਜਿੱਥੇ ਕਾਰ ਸੜਕੇ ਸਵਾਹ ਹੋ ਗਈ ਉਥੇ ਹੀ ਕਾਰ ਵਿਚ ਸਵਾਰ ਨੌਜਵਾਨ ਵੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਦੀ ਪਛਾਣ ਹਰਵਿੰਦਰ ਸਿੰਘ ਹੈਰੀ ਵੱਜੋਂ ਹੋਈ ਹੈ ਅਤੇ ਉਸ ਦੀ ਉਮਰ 31 ਸਾਲ ਸੀ। ਉਹ ਪੰਜਾਬ ਦੇ ਮੋਰਿੰਡਾ ਸ਼ਹਿਰ ਦਾ ਰਹਿਣ ਵਾਲਾ ਸੀ। ਸਟੇਟ ਬੈਂਕ ਆਫ ਪਟਿਆਲਾ ਤੋਂ ਰਿਟਾਇਰ ਹੋਏ ਜਸਬੀਰ ਸਿੰਘ ਵਾਸੀ ਸੂਦ ਕਲੋਨੀ ਮੋਰਿੰਡਾ ਦਾ ਪੁੱਤਰ ਹਰਵਿੰਦਰ ਸਿੰਘ ਹੈਰੀ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਿਆ ਸੀ। ਜਿੱਥੇ ਉਸ ਨਾਲ ਦਰਦਨਾਕ ਹਾਦਸਾ ਹਾਈਵੇ 417 ‘ਤੇ ਔਟਵਾ ਕੈਨੇਡਾ ਵਿਚ ਸ਼ਨੀਵਾਰ ਨੂੰ ਹੋਇਆ। ਹਰਵਿੰਦਰ ਸਿੰਘ ਹੈਰੀ ਰੱਖੜੀ ਵਾਲੇ ਦਿਨ ਕੈਨੇਡਾ ਰਹਿੰਦੀ ਆਪਣੀ ਭੈਣ ਕੋਲ ਰੱਖੜੀ ਬਨਵਾਉਣ ਲਈ ਜਾ ਰਿਹਾ ਸੀ।
ਦੱਸ ਦਈਏ ਕਿ ਹਰਵਿੰਦਰ ਸਿੰਘ ਹੈਰੀ ਦਾ ਵਿਆਹ ਪੰਜ ਮਹੀਨੇ ਪਹਿਲਾਂ 12 ਮਾਰਚ 2025 ਨੂੰ ਮੋਰਿੰਡਾ ਵਿਖੇ ਹੀ ਹੋਇਆ ਸੀ। ਰੱਖੜੀ ਵਾਲੇ ਦਿਨ ਤੋਂ ਇਕ ਦਿਨ ਪਹਿਲਾਂ ਹੈਰੀ ਦੀ ਪਤਨੀ ਹੈਰੀ ਦੀ ਭੈਣ ਕੋਲ ਚਲੇ ਗਈ ਸੀ। ਹੈਰੀ ਨੇ ਉਸ ਨੂੰ ਕਿਹਾ ਸੀ ਕਿ ਉਹ ਰੱਖੜੀ ਵਾਲੇ ਦਿਨ ਆਪਣੀ ਭੈਣ ਤੋਂ ਰੱਖੜੀ ਬੰਨ੍ਹਵਾਉਣ ਲਈ ਆਵੇਗਾ ਤੇ ਫਿਰ ਉਹ ਉਸ ਨੂੰ ਲੈ ਜਾਵੇਗਾ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਇਸ ਦਰਦਨਾਕ ਹਾਦਸੇ ‘ਚ ਮੌਤ ਹੋ ਗਈ।

