ਰੂਪਨਗਰ, 2 ਮਈ 2022 – ਮਸ਼ਹੂਰ ਸ਼ਾਇਰ ਕੁਮਾਰ ਵਿਸ਼ਵਾਸ ਦੀ ਪਟੀਸ਼ਨ ‘ਤੇ ਅੱਜ ਫੈਸਲਾ ਲਿਆ ਜਾਵੇਗਾ। ਇਸ ਮਾਮਲੇ ਦੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਵੇਗੀ। ਕੁਮਾਰ ਖਿਲਾਫ ਰੋਪੜ ‘ਚ ਮਾਮਲਾ ਦਰਜ ਹੋਇਆ ਹੈ। ਕੁਮਾਰ ‘ਤੇ ਕੇਜਰੀਵਾਲ ਦੇ ਖਾਲਿਸਤਾਨ ਨਾਲ ਸਬੰਧਾਂ ਦੇ ਝੂਠੇ ਦੋਸ਼ ਲਗਾਉਣ ਦਾ ਦੋਸ਼ ਹੈ। ਕੁਮਾਰ ਨੇ ਇਸ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਹੈ। ਹਾਈਕੋਰਟ ਵਿੱਚ ਇਸ ਮਾਮਲੇ ਨੂੰ ਲੈ ਕੇ 5 ਦਿਨ ਪਹਿਲਾਂ ਹੋਈ ਸੁਣਵਾਈ ਦੌਰਾਨ ਕੁਮਾਰ ਅਤੇ ਪੰਜਾਬ ਸਰਕਾਰ ਦੇ ਵਕੀਲਾਂ ਨੇ ਇੱਕ ਘੰਟਾ ਬਹਿਸ ਕੀਤੀ ਸੀ। ਜਿਸ ਤੋਂ ਬਾਅਦ ਹਾਈਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਪੰਜਾਬ ਪੁਲੀਸ ਨੇ ਕੁਮਾਰ ਖ਼ਿਲਾਫ਼ ਰੋਪੜ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਹੈ। ਇਸ ਤੋਂ ਬਾਅਦ ਪੁਲਸ ਕੁਮਾਰ ਨੂੰ ਸੰਮਨ ਭੇਜਣ ਲਈ ਉਸ ਦੇ ਗਾਜ਼ੀਆਬਾਦ ‘ਚ ਸਥਿਤ ਘਰ ਪਹੁੰਚੀ ਸੀ। ਇਸ ਦੀਆਂ ਤਸਵੀਰਾਂ ਕੁਮਾਰ ਵਿਸ਼ਵਾਸ ਨੇ ਖੁਦ ਟਵੀਟ ਕੀਤੀਆਂ ਸਨ। ਕੁਮਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਜਿਸ ਦੇ ਇਸ਼ਾਰੇ ‘ਤੇ ਇਹ ਸਭ ਕਰ ਰਹੇ ਹਨ, ਉਹ ਮਾਨ ਅਤੇ ਪੰਜਾਬ ਨੂੰ ਧੋਖਾ ਦੇਵੇਗਾ।
ਇਸੇ ਮਾਮਲੇ ਵਿੱਚ ਕਾਂਗਰਸੀ ਆਗੂ ਅਲਕਾ ਲਾਂਬਾ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ‘ਤੇ ਇੰਟਰਵਿਊ ਅਤੇ ਸੋਸ਼ਲ ਮੀਡੀਆ ਰਾਹੀਂ ਕੇਜਰੀਵਾਲ ਦੇ ਸਬੰਧ ‘ਚ ਝੂਠੇ ਦੋਸ਼ ਲਗਾਉਣ ਦਾ ਦੋਸ਼ ਹੈ। ਅਲਕਾ ਲਾਂਬਾ ਵੀ ਜਾਂਚ ਵਿੱਚ ਸ਼ਾਮਲ ਹੋਣ ਲਈ ਰੋਪੜ ਆਈ ਸੀ। ਹਾਲਾਂਕਿ, ਪੁਲਿਸ ਨੇ ਇਹ ਕਹਿ ਕੇ ਵਾਪਸ ਕਰ ਦਿੱਤਾ ਕਿ ਕੇਸ ਦੀ ਫਾਈਲ ਹਾਈਕੋਰਟ ਕੋਲ ਗਈ ਹੋਈ ਹੈ।