- ਰੇਲਵੇ ਸਟੇਸ਼ਨ ਦੇ ਬਾਥਰੂਮ ਕਈ ਦਿਨਾਂ ਤੋਂ ਬੰਦ ਸੀ
- ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।
ਖੰਨਾ, 7 ਦਸੰਬਰ 2023 – ਖੰਨਾ ਰੇਲਵੇ ਸਟੇਸ਼ਨ ਦੇ ਬਾਥਰੂਮ ਵਿੱਚੋਂ ਇੱਕ ਵਿਅਕਤੀ ਦੀ ਸੜੀ ਹੋਈ ਲਾਸ਼ ਮਿਲੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਰੇਲਵੇ ਯਾਤਰੀਆਂ ਲਈ ਬਣੇ ਇਸ ਬਾਥਰੂਮ ਨੂੰ ਕਈ ਦਿਨਾਂ ਤੋਂ ਬੰਦ ਰੱਖਿਆ ਗਿਆ ਸੀ। ਸਟੇਸ਼ਨ ’ਤੇ ਬਦਬੂ ਫੈਲਣ ’ਤੇ ਇਸ ਨੂੰ ਖੋਲ੍ਹਿਆ ਗਿਆ। ਦਰਵਾਜ਼ਾ ਖੋਲ੍ਹ ਕੇ ਅੰਦਰ ਜਾ ਕੇ ਦੇਖਿਆ ਤਾਂ ਉਥੇ ਲਾਸ਼ ਪਈ ਸੀ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਕਿਉਂਕਿ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਹੈ। ਉਸ ਵਿੱਚ ਕੀੜੇ-ਮਕੌੜੇ ਘੁੰਮ ਰਹੇ ਸਨ। ਜਿਸ ਕਾਰਨ ਸ਼ਨਾਖਤ ਮੁਸ਼ਕਿਲ ਹੈ।
ਫਿਲਹਾਲ ਰੇਲਵੇ ਪੁਲਸ ਨੇ ਲਾਸ਼ ਨੂੰ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਬਾਥਰੂਮ ਨੂੰ ਕਈ ਦਿਨਾਂ ਤੋਂ ਤਾਲਾ ਲੱਗਿਆ ਹੋਇਆ ਸੀ। ਜਦੋਂ ਤਾਲਾ ਲਗਾਇਆ ਗਿਆ ਤਾਂ ਕਿਸੇ ਨੇ ਵੀ ਜਾਂਚ ਨਹੀਂ ਕੀਤੀ ਕਿ ਅੰਦਰ ਕੋਈ ਹੈ ਜਾਂ ਨਹੀਂ।
ਬੁੱਧਵਾਰ ਨੂੰ ਲੋਕ ਸੈਰ ਕਰ ਰਹੇ ਸਨ। ਇਸ ਦੌਰਾਨ ਬਦਬੂ ਫੈਲੀ ਹੋਈ ਸੀ। ਜੀਆਰਪੀ ਨੂੰ ਸੂਚਨਾ ਦਿੱਤੀ ਗਈ। ਫਿਰ ਸਵੀਪਰ ਨੂੰ ਬੁਲਾਇਆ ਗਿਆ। ਜਦੋਂ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉੱਥੇ ਖੜ੍ਹਾ ਹੋਣਾ ਵੀ ਮੁਸ਼ਕਲ ਸੀ। ਦੇਖਿਆ ਗਿਆ ਤਾਂ ਅੰਦਰੋਂ ਇੱਕ ਬਾਥਰੂਮ ਦਾ ਦਰਵਾਜ਼ਾ ਬੰਦ ਸੀ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਵਿੱਚੋਂ ਇੱਕ ਗਲੀ-ਸੜੀ ਹੋਈ ਲਾਸ਼ ਮਿਲੀ।
ਬਾਥਰੂਮ ਦੇ ਅੰਦਰ ਵਿਅਕਤੀ ਦੀ ਮੌਤ ਜਾਂਚ ਦਾ ਵਿਸ਼ਾ ਹੈ। ਦੂਜੇ ਪਾਸੇ ਵੱਡੀ ਲਾਪਰਵਾਹੀ ਵੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਪਬਲਿਕ ਬਾਥਰੂਮ ਨੂੰ ਤਾਲਾ ਲਗਾਉਣਾ ਠੀਕ ਨਹੀਂ ਹੈ। ਦੂਜਾ, ਜੇਕਰ ਬਾਥਰੂਮ ਬੰਦ ਹੈ ਤਾਂ ਕਿਉਂ ਨਹੀਂ ਖੋਲ੍ਹਿਆ ਗਿਆ ? ਬੰਦ ਕਰਨ ਤੋਂ ਪਹਿਲਾਂ ਅੰਦਰ ਦੀ ਜਾਂਚ ਕਿਉਂ ਨਹੀਂ ਕੀਤੀ ਗਈ? ਰੇਲਵੇ ਸਟੇਸ਼ਨ ਦੀ ਸੁਰੱਖਿਆ ‘ਤੇ ਵੀ ਸਵਾਲ ਉੱਠ ਰਹੇ ਹਨ।
ਜੀਆਰਪੀ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਪਹਿਲਾਂ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 3 ਤੋਂ 4 ਦਿਨ ਪੁਰਾਣੀ ਲਾਸ਼ ਲੱਗਦੀ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਬਾਥਰੂਮ ਦੇ ਅੰਦਰ ਦਿਲ ਦਾ ਦੌਰਾ ਪੈਣ ਕਾਰਨ ਹੋਈ। ਪਰ ਅੰਦਰ ਪਈ ਲਾਸ਼ ਸੜੀ ਹੋਈ ਸੀ। ਬਾਥਰੂਮ ਕਿਸਨੇ ਅਤੇ ਕਿਉਂ ਬੰਦ ਕੀਤਾ ? ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।