ਚੰਡੀਗੜ੍ਹ, 12 ਮਾਰਚ 2025 – ਦੀਪਕ ਬਾਲੀ ਨੂੰ ਸੈਰ-ਸਪਾਟਾ ਤੇ ਸੱਭਿਆਚਾਰ ਮਾਮਲਿਆਂ ਦੇ ਵਿਭਾਗ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਬਾਲੀ ਨੇ ਬੀਤੇ ਦਿਨੀਂ ਅਹੁਦਾ ਵੀ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਤੋਂ ਬਾਅਦ ਅੱਜ ਦੀਪਕ ਬਾਲੀ ਵਲੋਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਆਸ਼ੀਰਵਾਦ ਲਿਆ ਗਿਆ। ਪਰਿਵਾਰ ਸਮੇਤ ਦੀਪਕ ਬਾਲੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਪਹੁੰਚੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਦੱਸਣਯੋਗ ਹੈ ਕਿ ਦੀਪਕ ਬਾਲੀ ਨੇ ਬੀਤੇ ਦਿਨੀਂ ਸੈਕਟਰ 38 ਵਿਖੇ ਸੈਰ-ਸਪਾਟਾ ਤੇ ਸੱਭਿਆਚਾਰ ਮਾਮਲਿਆਂ ਦੇ ਵਿਭਾਗ ਦੇ ਸਲਾਹਕਾਰ ਵਜੋਂ ਅਹੁਦਾ ਸੰਭਾਲ ਲਿਆ। ਦੀਪਕ ਬਾਲੀ ਨੇ ਕਿਹਾ ਕਿ 1986 ਤੋਂ ਉਹ ਵਿਰਾਸਤ, ਭਾਸ਼ਾ ਤੇ ਕਲਾ ਦੇ ਖੇਤਰਾਂ ’ਚ ਵਿਚਰ ਰਹੇ ਹਨ ਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਪੰਜਾਬ ਦੇ ਸੱਭਿਆਚਾਰ ਤੇ ਵਿਰਸੇ ਨੂੰ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਹੋਰ ਪ੍ਰਸਿੱਧੀ ਦਿਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸੈਰ-ਸਪਾਟੇ ਦੇ ਖੇਤਰ ’ਚ ਹੋਰ ਉੱਪਰ ਲਿਜਾਣ ਲਈ ਵੀ ਉਹ ਦਿਨ-ਰਾਤ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਤੱਕ ਵਧੀਆ ਤਰੀਕੇ ਨਾਲ ਪਹੁੰਚਾਉਣ ਲਈ ਪੂਰੀ ਸੁਹਿਰਦਤਾ ਨਾਲ ਕੰਮ ਕੀਤਾ ਜਾਵੇਗਾ।

