ਖੰਨਾ, 15 ਜਨਵਰੀ 2023 – ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਖੰਨਾ ਦੇ ਐਸਐਸਪੀ ਨੂੰ ਬਦਲਣ ਦੀ ਮੰਗ ਕੀਤੀ ਹੈ। ਇਸ ਦੇ ਲਈ ਗਿਆਸਪੁਰਾ ਵੱਲੋਂ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ। ਗਿਆਸਪੁਰਾ ਨੇ ਪੁਲਿਸ ਉੱਪਰ ਸਰਕਾਰ ਦਾ ਅਕਸ ਖਰਾਬ ਕਰਨ ਦੇ ਵੀ ਦੋਸ਼ ਲਾਏ ਹਨ।
ਇਸ ਸੰਬੰਧੀ ਗਿਆਪੁਰਾ ਨੇ ਆਪਣੇ ਪੱਤਰ ‘ਚ CM ਮਾਨ ਨੂੰ ਲਿਖਿਆ ਕਿ “ਮੇਰੇ ਵਿਧਾਨ ਸਭਾ ਹਲਕਾ ਪਾਇਲ ਵਿੱਚ ਸਕਰੈਪ (ਕਬਾੜ), ਨਸ਼ੇ ਅਤੇ ਚਾਇਨਾ ਡੋਰ ਦਾ ਕੰਮ ਪੁਲਸ ਦੀ ਸ਼ਹਿ ਤੇ ਧੜੱਲੇ ਨਾਲ ਚੱਲ ਰਿਹਾ ਹੈ। ਇਸ ਸੰਬੰਧੀ ਮੇਰੇ ਵੱਲੋਂ ਕਈ ਵਾਰ ਐੱਸ.ਐੱਸ.ਪੀ. ਖੰਨਾ ਅਤੇ ਪੁਲਿਸ ਵਿਭਾਗ ਦੇ ਬਾਕੀ ਸੰਬੰਧਿਤ ਅਫਸਰਾਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਪ੍ਰੰਤੂ ਉਹਨਾਂ ਵੱਲੋਂ ਕਿਸੇ ਵੀ ਤਰਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਐੱਸ.ਐੱਚ.ਓ ਦੋਰਾਹਾ ਵੱਲੋਂ 50,000 ਰੁਪਏ ਰਿਸ਼ਵਤ ਲੈਣ ਦੇ ਸਬੂਤ ਵੀ ਦਿੱਤੇ ਗਏ।
ਮੇਰੇ ਹਲਕੇ ਦੇ ਕਸਬਾ ਮਲੌਦ ਵਿੱਚ ਪਬੰਦੀਸ਼ੁਦਾ ਚਾਇਨਾ ਡੋਰ ਸ਼ਰੇਆਮ ਵਿੱਕ ਰਹੀ ਹੈ। ਫਿਰ ਵੀ ਮਲੌਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇੱਥੇ ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਪਾਇਲ ਥਾਣੇ ਵਿੱਚ ਇੱਕ ਏ.ਐੱਸ.ਆਈ ਹਰਪਾਲ ਸਿੰਘ ਨੂੰ ਰੰਗੇ ਹੱਥੀਂ 5000 ਰੁਪਏ ਰਿਸ਼ਵਤ ਲੈਂਦੇ ਫੜਿਆ ਸੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਸੀ।
ਲਗਾਤਾਰ ਸਕਰੈਪ(ਕਬਾੜ) ਅਤੇ ਨਸ਼ਾ ਵਿਕਣ ਕਾਰਨ ਜਿੱਥੇ ਪੁਲਿਸ ਦੀ ਕਾਰਗੁਜਾਰੀ ਸ਼ੱਕ ਦੇ ਘੇਰੇ ਵਿੱਚ ਆ ਰਹੀ ਹੈ ਉੱਥੇ ਹੀ ਸਰਕਾਰ ਖਿਲਾਫ ਇਲਾਕੇ ਦੇ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ ਜਿਸ ਨਾਲ ਸਰਕਾਰ ਦਾ ਅਕਸ ਖਰਾਬ ਹੋ ਰਿਹਾ ਹੈ।ਇਸ ਲਈ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਐੱਸ.ਐੱਸ.ਪੀ. ਖੰਨਾ ਦੀ ਬਦਲੀ ਤੁਰੰਤ ਪ੍ਰਭਾਵ ਨਾਲ ਕਰੀ ਜਾਵੇ ਅਤੇ ਐੱਸ.ਐੱਚ.ਓ ਦੋਰਾਹਾ,ਐੱਸ.ਐੱਚ.ਓ ਮਲੌਦ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।ਤਾਂ ਜੋ ਹਲਕੇ ਵਿੱਚ ਹੋ ਰਹੇ ਸਕਰੈਪ(ਕਬਾੜ), ਨਸ਼ੇ ਅਤੇ ਚਾਇਨਾ ਡੋਰ ਦੇ ਧੰਦੇ ਨੂੰ ਰੋਕਿਆ ਜਾ ਸਕੇ ਅਤੇ ਹਲਕੇ ਦੇ ਲੋਕਾਂ ਦਾ ਸਰਕਾਰ ਉੱਪਰ ਵਿਸ਼ਵਾਸ ਬਣਿਆ ਰਹੇ।”