- ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ‘ਚ ਅਜਿਹਾ ਹੀ ਮੌਸਮ ਬਣੇ ਰਹਿਣ ਦੀ ਸੰਭਾਵਨਾਂ
- ਚੰਡੀਗੜ੍ਹ ‘ਚ ਮੀਂਹ ਦੀ ਚਿਤਾਵਨੀ
- ਹਿਮਾਚਲ ਦੇ 5 ਜ਼ਿਲ੍ਹਿਆਂ ‘ਚ ਸੰਘਣੀ ਧੁੰਦ
ਚੰਡੀਗੜ੍ਹ, 12 ਜਨਵਰੀ 2024 – ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਸ਼ਹਿਰਾਂ ਨੇ ਸ਼ੁੱਕਰਵਾਰ ਨੂੰ ਸੰਘਣੀ ਧੁੰਦ ਨਾਲ ਦਿਨ ਦੀ ਸ਼ੁਰੂਆਤ ਕੀਤੀ। ਸ਼ਹਿਰਾਂ ਵਿੱਚ ਵਿਜ਼ੀਬਿਲਟੀ 50 ਤੋਂ 100 ਮੀਟਰ ਦੇ ਵਿਚਕਾਰ ਰਹੀ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਇਹ ਹਾਲਾਤ 15 ਜਨਵਰੀ ਤੱਕ ਰਹਿਣਗੇ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਹੋਰ ਧੁੰਦ ਪਏਗੀ। ਸਵੇਰੇ 5.30 ਵਜੇ ਦੇ ਕਰੀਬ ਅੰਮ੍ਰਿਤਸਰ ਵਿੱਚ 25 ਮੀਟਰ ਵਿਜ਼ੀਬਿਲਟੀ ਸੀ।
ਇਸ ਦੇ ਨਾਲ ਹੀ ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਕੈਥਲ ਅਤੇ ਕਰਨਾਲ ‘ਚ ਠੰਡ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸ਼ੁੱਕਰਵਾਰ ਸਵੇਰੇ ਰੇਵਾੜੀ, ਭਿਵਾਨੀ, ਹਿਸਾਰ ਅਤੇ ਅੰਬਾਲਾ ਵਿੱਚ ਸੰਘਣੀ ਧੁੰਦ ਦੇਖੀ ਗਈ।
ਚੰਡੀਗੜ੍ਹ ‘ਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸਵੇਰੇ 50 ਮੀਟਰ ਵਿਜ਼ੀਬਿਲਟੀ ਸੀ। ਦਿਨ ਵੇਲੇ ਵੀ ਧੁੱਪ ਨਿਕਲਣ ਦੀ ਸੰਭਾਵਨਾ ਹੈ। ਸ਼ਾਮ ਨੂੰ ਹਲਕੀ ਧੁੰਦ ਛਾਈ ਰਹੇਗੀ। ਠੰਡੀਆਂ ਹਵਾਵਾਂ ਕਾਰਨ ਤਾਪਮਾਨ ‘ਤੇ ਜ਼ਿਆਦਾ ਅਸਰ ਨਹੀਂ ਪਵੇਗਾ।
ਦੂਜੇ ਪਾਸੇ ਹਿਮਾਚਲ ਦੇ ਹਮੀਰਪੁਰ, ਊਨਾ, ਬਿਲਾਸਪੁਰ, ਮੰਡੀ ਅਤੇ ਕਾਂਗੜਾ ਵਿੱਚ ਧੁੰਦ ਛਾਈ ਹੋਈ ਹੈ। ਫਿਲਹਾਲ ਸ਼ਿਮਲਾ ਅਤੇ ਹੋਰ ਪਹਾੜੀ ਇਲਾਕਿਆਂ ‘ਚ ਮੌਸਮ ਸਾਫ ਹੈ।
ਸ਼ਿਮਲਾ ਮੌਸਮ ਵਿਭਾਗ ਮੁਤਾਬਕ ਹਿਮਾਚਲ ਦੇ ਜ਼ਿਆਦਾਤਰ ਇਲਾਕਿਆਂ ‘ਚ ਬਰਫਬਾਰੀ ਅਤੇ ਬਾਰਿਸ਼ ਦੀ ਘੱਟ ਸੰਭਾਵਨਾ ਹੈ। ਜਨਵਰੀ ਮਹੀਨੇ ‘ਚ ਵੀ ਮੌਸਮ ਖੁਸ਼ਕ ਰਹੇਗਾ ਪਰ 16-17 ਜਨਵਰੀ ਨੂੰ ਚੰਬਾ, ਕਿਨੌਰ, ਲਾਹੌਲ ਸਪਿਤੀ ਅਤੇ ਸ਼ਿਮਲਾ ਦੇ ਉੱਚੇ ਇਲਾਕਿਆਂ ‘ਚ ਬਰਫਬਾਰੀ ਹੋ ਸਕਦੀ ਹੈ।