ਚੰਡੀਗੜ੍ਹ, 28 ਦਸੰਬਰ 2023 – ਪੰਜਾਬ ਵਿੱਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਸੜਕਾਂ ‘ਤੇ ਵਿਜ਼ੀਬਿਲਟੀ ਬਹੁਤ ਘੱਟ ਰਹੀ ਹੈ। ਧੁੰਦ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੂੰ ਵੀ ਆਪਣੀ ਚਿੱਟੀ ਚਾਦਰ ਹੇਠ ਲੁਕੋ ਲਿਆ ਹੈ। ਦੂਜੇ ਪਾਸੇ ਧੁੰਦ ਕਾਰਨ ਸੜਕ ਤੋਂ ਲੈ ਕੇ ਹਵਾਈ ਆਵਾਜਾਈ ਤੱਕ ਹਰ ਚੀਜ਼ ਪ੍ਰਭਾਵਿਤ ਹੋਈ ਹੈ।
ਚੰਡੀਗੜ੍ਹ ਹਵਾਈ ਅੱਡੇ ‘ਤੇ ਵੀਰਵਾਰ ਨੂੰ ਜਿੱਥੇ ਕਈ ਉਡਾਣਾਂ ਦੇਰੀ ਨਾਲ ਪੁੱਜੀਆਂ, ਉਥੇ ਇੱਥੋਂ ਰਵਾਨਾ ਹੋਣ ਵਾਲੀਆਂ ਉਡਾਣਾਂ ਨੂੰ ਵੀ ਦੇਰੀ ਹੋਈ। ਮੌਸਮ ਵਿਭਾਗ ਨੇ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਤਾਪਮਾਨ ‘ਚ ਵੀ ਗਿਰਾਵਟ ਆਈ ਹੈ।
ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ ਅਤੇ ਇੱਥੇ ਆਉਣ ਵਾਲੀਆਂ ਉਡਾਣਾਂ ‘ਤੇ ਧੁੰਦ ਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ। ਚਾਰ ਉਡਾਣਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਇੱਥੇ ਪਹੁੰਚੀਆਂ। ਜਦਕਿ ਕੁਝ ਉਡਾਣਾਂ ਵੀ ਦੇਰੀ ਨਾਲ ਚੱਲ ਰਹੀਆਂ ਸਨ। ਜਦਕਿ ਇਕ ਫਲਾਈਟ ਨੂੰ ਦਿੱਲੀ ਵੱਲ ਮੋੜ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਹਾਈਵੇਅ ‘ਤੇ ਵੀ ਆਵਾਜਾਈ ਮੱਠੀ ਪੈ ਗਈ ਹੈ। ਫਤਿਹਗੜ੍ਹ ਸਾਹਿਬ ‘ਚ ਹੋ ਰਹੇ ਸ਼ਹੀਦੀ ਜੋੜ ਮੇਲੇ ਕਾਰਨ ਵੱਡੀ ਗਿਣਤੀ ‘ਚ ਸੰਗਤਾਂ ਫਤਹਿਗੜ੍ਹ ਸਾਹਿਬ ਪਹੁੰਚ ਰਹੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਲੋਕ ਆਪਣੇ ਵਾਹਨਾਂ ਵਿੱਚ ਫੋਗ ਲਾਈਟਾਂ ਦੀ ਵਰਤੋਂ ਕਰਨ।