- ਨਵਾਂ ਟਿਕਾਣਾ ਸਿਰਫ਼ ਉਪ ਚੋਣਾਂ ਤੱਕ ਹੀ ਨਹੀਂ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਰਹੇਗਾ
ਜਲੰਧਰ, 16 ਜੂਨ 2024 – ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ‘ਚ ਹੋਣ ਵਾਲੀ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਕੈਂਟ ਇਲਾਕੇ ‘ਚ ਕਿਰਾਏ ‘ਤੇ ਮਕਾਨ ਲੈਣ ਦਾ ਫੈਸਲਾ ਕੀਤਾ ਹੈ। ਸੀ.ਐਮ ਮਾਨ ਨੇ ਘਰ ‘ਚ ਸ਼ਿਫਟ ਹੋਣ ਤੋਂ ਪਹਿਲਾਂ ਡੈਂਟਿੰਗ-ਪੇਂਟਿੰਗ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ।
ਘਰ ਦੇ ਸਾਹਮਣੇ ਤੋਂ ਲੰਘਦੀ ਸੜਕ ਦੀ ਮੁਰੰਮਤ ਕੀਤੀ ਗਈ ਹੈ। ਹੁਣ ਘਰ ਨੂੰ ਫਿਨਿਸ਼ਿੰਗ ਟਚ ਦੇਣ ਦਾ ਕੰਮ ਚੱਲ ਰਿਹਾ ਹੈ। ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਇਸ ਘਰ ਵਿੱਚ ਉਨ੍ਹਾਂ ਦੇ ਨਾਲ ਰਹਿਣ ਲਈ ਆਉਣਗੀਆਂ। ਡੈਂਟਿੰਗ ਅਤੇ ਪੇਂਟਿੰਗ ਦਾ ਕੰਮ ਪੂਰਾ ਹੁੰਦੇ ਹੀ ਮੁੱਖ ਮੰਤਰੀ ਦੀਪ ਨਗਰ ਸਥਿਤ ਉਕਤ ਘਰ ਵਿੱਚ ਸ਼ਿਫਟ ਹੋ ਜਾਣਗੇ।
ਉਨ੍ਹਾਂ ਦਾ ਨਵਾਂ ਟਿਕਾਣਾ ਸਿਰਫ਼ ਉਪ ਚੋਣਾਂ ਤੱਕ ਹੀ ਨਹੀਂ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਰਹੇਗਾ। ਜਾਣਕਾਰੀ ਅਨੁਸਾਰ ਸੀਐਮ ਮਾਨ ਹਫ਼ਤੇ ਵਿੱਚ 3 ਦਿਨ ਇਸ ਘਰ ਵਿੱਚ ਰਹਿਣਗੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਉਹ ਦੋਆਬਾ ਅਤੇ ਮਾਂਝੇ ਖੇਤਰ ਦੇ ਆਗੂਆਂ ਅਤੇ ਲੋਕਾਂ ਨਾਲ ਨੇੜਤਾ ਬਣਾਈ ਰੱਖਣਗੇ।
ਇਸ ਨਾਲ ਸਰਕਾਰ ਆਪਕੇ ਦੁਆਰ ਪ੍ਰੋਗਰਾਮ ਨੂੰ ਵੀ ਹੁਲਾਰਾ ਮਿਲੇਗਾ। ਦੱਸ ਦੇਈਏ ਕਿ ਲੋਕ ਸਭਾ ਜ਼ਿਮਨੀ ਚੋਣਾਂ ਦੌਰਾਨ ਸੀਐਮ ਮਾਨ ਅਤੇ ਉਨ੍ਹਾਂ ਦੀ ਟੀਮ ਹੋਟਲਾਂ ਵਿੱਚ ਰੁਕੀ ਸੀ ਪਰ ਇਸ ਵਾਰ ਉਪ ਚੋਣ ਲਈ ਸੀਐਮ ਮਾਨ ਨੇ ਜਲੰਧਰ ਵਿੱਚ ਕਿਰਾਏ ਦਾ ਮਕਾਨ ਲੈਣ ਦਾ ਫੈਸਲਾ ਕੀਤਾ ਹੈ।