ਗੋਇੰਦਵਾਲ ਸਾਹਿਬ, 13 ਅਕਤੂਬਰ 2022 – ਪੰਜਾਬ ਦੀ ਸਪੈਸ਼ਲ ਟਾਸਕ ਫੋਰਸ (STF) ਅੰਮ੍ਰਿਤਸਰ ਯੂਨਿਟ ਨੇ ਗੋਇੰਦਵਾਲ ਸਾਹਿਬ ਜੇਲ੍ਹ ਤਰਨਤਾਰਨ ਦੇ ਡਿਪਟੀ ਸੁਪਰਡੈਂਟ ਨੂੰ ਗ੍ਰਿਫ਼ਤਾਰ ਕੀਤਾ ਹੈ। ਡਿਪਟੀ ਸੁਪਰਡੈਂਟ ਦੀ ਪਛਾਣ ਬਲਬੀਰ ਸਿੰਘ ਵਜੋਂ ਹੋਈ ਹੈ। ਬਲਬੀਰ ਸਿੰਘ ‘ਤੇ ਦੋਸ਼ ਹੈ ਕਿ ਉਸ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਜੇਲ੍ਹ ‘ਚ ਬੰਦ ਗੈਂਗਸਟਰਾਂ ਅਤੇ ਕੈਦੀਆਂ ਨੂੰ ਮੋਬਾਈਲ ਫ਼ੋਨ ਮੁਹੱਈਆ ਕਰਵਾਏ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਕੱਦਮਾ ਨੰਬਰ 233 ਤਹਿਤ ਪੁਲੀਸ ਨੇ ਗੋਇੰਦਵਾਲ ਜੇਲ੍ਹ ਵਿੱਚ ਬੰਦ ਇੱਕ ਕੈਦੀ ਕੋਲੋਂ ਮੋਬਾਈਲ ਫੋਨ ਬਰਾਮਦ ਕੀਤਾ ਸੀ। ਐਸਟੀਐਫ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਇਸ ਮਾਮਲੇ ਵਿੱਚ 5 ਤੋਂ 6 ਹੋਰ ਗ੍ਰਿਫ਼ਤਾਰੀਆਂ ਕੀਤੀਆਂ ਹਨ। ਇਸ ਦੌਰਾਨ ਹੈਪੀ ਨਾਂ ਦਾ ਇੱਕ ਗੈਂਗਸਟਰ ਵੀ ਐਸਟੀਐਫ ਦੇ ਹੱਥ ਲੱਗ ਗਿਆ। ਜਦੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਡਿਪਟੀ ਸੁਪਰਡੈਂਟ ਗੋਇੰਦਵਾਲ ਜੇਲ੍ਹ ਬਲਬੀਰ ਸਿੰਘ ਦਾ ਨਾਂ ਲਿਆ।
ਹੈਪੀ ਨੇ ਪੁਲਿਸ ਨੂੰ ਦੱਸਿਆ ਕਿ ਬਲਬੀਰ ਸਿੰਘ ਉਨ੍ਹਾਂ ਨੂੰ ਮੋਬਾਈਲ ਫ਼ੋਨ ਦਿੰਦਾ ਸੀ, ਜਿਸ ਦੀ ਵਰਤੋਂ ਕਰਕੇ ਗੈਂਗਸਟਰ ਅਤੇ ਸਮੱਗਲਰ ਜੇਲ੍ਹ ਦੇ ਅੰਦਰ ਬੈਠੇ ਸਰਹੱਦ ਪਾਰ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰਦੇ ਸਨ। ਇਹ ਖੇਪ ਪੰਜਾਬ ਅਤੇ ਹੋਰ ਰਾਜਾਂ ਵਿੱਚ ਵੀ ਪਹੁੰਚਾਈ ਜਾ ਰਹੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਟੀ.ਐਫ ਵੱਲੋਂ ਜਾਂਚ ਵਿੱਚ ਪਾਇਆ ਗਿਆ ਕਿ ਮੁਲਜ਼ਮ ਬਲਬੀਰ ਸਿੰਘ ਮੋਬਾਈਲ ਦੀ ਮੰਗ ’ਤੇ ਬਾਹਰੋਂ ਜੇਲ੍ਹ ਅੰਦਰ ਹੀ ਸੁੱਟਦਾ ਸੀ। ਜੇਲ੍ਹ ਵਿੱਚ 1 ਹਜ਼ਾਰ ਰੁਪਏ ਦੇ ਮੋਬਾਈਲ ਦੀ ਕੀਮਤ 10 ਹਜ਼ਾਰ ਦੇ ਕਰੀਬ ਰੱਖੀ ਗਈ ਸੀ। ਜੇਕਰ ਚਾਰਜਰ ਦੀ ਲੋੜ ਹੁੰਦੀ ਤਾਂ ਉਸ ਲਈ ਵੀ ਕਰੀਬ 2 ਹਜ਼ਾਰ ਰੁਪਏ ਵਸੂਲੇ ਜਾਂਦੇ।
ਇਹ ਹੀ ਨਹੀਂ ਸਗੋਂ ਡਿਪਟੀ ਸੁਪਰਡੈਂਟ ਮੋਬਾਈਲ ਫੋਨ ਵਰਤਣ ਵਾਲਿਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਵੀ ਹਰ ਮਹੀਨੇ ਪੈਸੇ ਵਸੂਲਦਾ ਸੀ। ਉਸ ਦੀਆਂ ਬੈਰਕਾਂ ਵਿੱਚ ਬਹੁਤ ਘੱਟ ਚੈਕਿੰਗ ਹੁੰਦੀ ਸੀ। ਜਦੋਂ ਕਦੇ ਹੁੰਦੀ ਵੀ ਤਾਂ ਮੋਬਾਈਲ ਫੋਨ ਕਿਸੇ ਟਿਕਾਣੇ ‘ਤੇ ਰੱਖੇ ਜਾਂਦੇ ਸਨ ਤਾਂ ਜੋ ਕੈਦੀਆਂ ਨੂੰ ਪ੍ਰੇਸ਼ਾਨੀ ਨਾ ਹੋਵੇ। ਐਸਟੀਐਫ ਜਲਦੀ ਹੀ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਜਾ ਰਹੀ ਹੈ।