ਡੇਰਾ ਬਾਬਾ ਨਾਨਕ, 12 ਸਤੰਬਰ 2025 – ਪਿੰਡ ਧਾਰੋਵਾਲੀ ਵਿਖੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਪਹੁੰਚ ਕੇ ਸਥਾਨਕ ਕਾਂਗਰਸੀ ਆਗੂਆਂ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਅਤੇ ਹਲਕੇ ਵਿਚ ਹੜ੍ਹਾਂ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਬਾਰੇ ਚਰਚਾ ਕਰਦਿਆਂ ਡੇਰਾ ਬਿਆਸ ਵੱਲੋਂ ਕੀਤੀ ਗਈ ਮਦਦ ਲਈ ਧੰਨਵਾਦ ਕੀਤਾ। ਡੇਰਾ ਬਿਆਸ ਮੁਖੀ ਵੱਲੋਂ ਡੇਰਾ ਬਿਆਸ ਵੱਲੋਂ ਇਲਾਕੇ ਦੇ ਲੋਕਾਂ ਦੀ ਹਰ ਸੰਭਵ ਮਦਦ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਗਿਆ।
ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਹੁਰਾਂ ਡੇਰਾ ਬਿਆਸ ਮੁਖੀ ਦੇ ਉਨ੍ਹਾਂ ਦੇ ਗ੍ਰਹਿ ਵਿਖੇ ਚਰਨ ਪਾਉਣ ਅਤੇ ਇਲਾਕੇ ਦੇ ਲੋਕਾਂ ਦਾ ਦੁੱਖ ਵੰਡਾਉਣ ਲਈ ਸ਼ੁਕਰਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡੇਰਾ ਬਿਆਸ ਸਮੇਤ ਅਨੇਕਾਂ , ਐਨ.ਜੀ.ਓ, ਸਮਾਜ ਸੇਵੀ ਅਤੇ ਪਰਵਾਸੀਆਂ ਸਮੇਤ ਸਮੁੱਚੀ ਕਾਂਗਰਸ ਇਸ ਸੂਬਾ ਪੱਧਰੀ ਆਪਦਾ ਸਮੇਂ ਆਪਣੇ ਹਲਕੇ ਅਤੇ ਸੂਬੇ ਦੇ ਲੋਕਾਂ ਨਾਲ ਡੱਟ ਕੇ ਖੜੀ ਹੈ।
ਸਾਰਾ ਪੰਜਾਬ ਅਤੇ ਖਾਸਕਰ ਸਰਹੱਦੀ ਇਲਾਕੇ ਹੜ੍ਹਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਕਿਸਾਨਾਂ ਦੀ ਪੱਕਣ ‘ ਤੇ ਆਈ ਫ਼ਸਲ, ਮਾਲ ਡੰਗਰ,ਘਰ ਮਕਾਨ, ਖੇਤੀ ਮਸ਼ੀਨਰੀ ਅਤੇ ਘਰ ਬਿਲਕੁਲ ਖਤਮ ਹੋ ਗਏ ਹਨ। ਦੁੱਖ ਦੀ ਗੱਲ ਹੈ ਕਿ ਇਸ ਸਮੇਂ ਪੰਜਾਬ ਦੀ ਸੂਬਾ ਸਰਕਾਰ ਅਤੇ ਕੇਂਦਰ ਨੇ ਪੰਜਾਬ ਦੇ ਕਿਰਤੀ ਲੋਕਾਂ ਦੇ ਦਰਦ ਨੂੰ ਨਹੀਂ ਸਮਝਿਆ ਅਤੇ ਉਨ੍ਹਾਂ ਨੇ ਉਪਯੁਕਤ ਮੁਆਵਜ਼ਾ ਨਹੀਂ ਦਿੱਤਾ।

ਰੰਧਾਵਾ ਨੇ ਕਿਹਾ ਕਿ ਦੇਸ਼ ਦੇ ਅੰਨਦਾਤਾ ਪੰਜਾਬ ਦੇ ਕਿਸਾਨ ਦੇ ਖੇਤ ਕਿਤੇ ਤਾਂ ਬੁਰੀ ਤਰ੍ਹਾਂ ਰੁੜ੍ਹ ਗਏ ਹਨ ਤੇ ਕਿਤੇ ਚਾਰ-ਚਾਰ ਪੰਜ-ਪੰਜ ਫੁੱਟ ਰੇਤ ਨਾਲ ਢੱਕੇ ਗਏ ਹਨ। ਰੁੜ੍ਹ ਚੁੱਕੇ ਖੇਤਾਂ ਵਿੱਚ ਖੜ੍ਹਾ ਪਾਣੀ ਡੂੰਘੇ ਤਲਾਬਾਂ ਦਾ ਰੂਪ ਧਾਰਨ ਕਰ ਚੁੱਕਾ ਹੈ ਜਿਸ ਦੇ ਜਲਦੀ ਸੁੱਕਣ ਅਤੇ ਖੇਤੀ ਯੋਗ ਖੇਤ ਬਣਨ ਦੀ ਅਜੇ ਕੋਈ ਉਮੀਦ ਨਹੀਂ। ਲੋਕ 20 ਹਜ਼ਾਰ ਨਾਲ ਖੇਤ ਠੀਕ ਕਰਨਗੇ ਜਾਂ ਝੋਨੇ ਦੀ ਬਿਜਾਈ ਲਈ ਲਿਆ ਕਰਜ਼ਾ ਉਤਾਰਨਗੇ ਜਾਂ ਘਰ ਬਣਾਉਣਗੇ। ਅਗਲੀ ਫ਼ਸਲ ਦੀ ਬਿਜਾਈ ਦੀ ਆਸ ਦਿਖਾਈ ਨਹੀਂ ਦੇ ਰਹੀ।
ਸੁਖਜਿੰਦਰ ਸਿੰਘ ਰੰਧਾਵਾ ਹੁਰਾਂ ਕਿਹਾ ਕਿ ਉਹ ਆਪਣੇ ਹਲਕੇ ਵਿੱਚ ਹੋਏ ਸਮੁੱਚੇ ਨੁਕਸਾਨ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਫਿਰ ਅਪੀਲ ਕਰਦੇ ਹਨ ਕਿ ਸਰਹੱਦੀ ਇਲਾਕਾ ਹੋਣ ਕਰਕੇ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਗੁਰਦਾਸਪੁਰ ਅਤੇ ਪਠਾਨਕੋਟ ਨੂੰ ਸਪੈਸ਼ਲ ਪੈਕੇਜ ਦੇ ਕੇ ਹਲਕੇ ਦੇ ਜਨ-ਜੀਵਨ ਨੂੰ ਫਿਰ ਤੋਂ ਲੀਹਾਂ ‘ਤੇ ਲਿਆਂਦਾ ਜਾਵੇ।
ਇਸ ਮੌਕੇ ਬਾਬਾ ਗੁਰਿੰਦਰ ਸਿੰਘ ਨੇ ਆਪਦਾ ਦਾ ਸ਼ਿਕਾਰ ਲੋਕਾਂ ਲਈ ਨਿੰਰਤਰ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ,ਹਲਕਾ ਦੀਨਾਨਗਰ ਤੋਂ ਅਸ਼ੋਕ ਚੌਧਰੀ,ਹਲਕਾ ਬਟਾਲਾ ਤੋਂ ਅਮਨਦੀਪ ਜੈਂਤੀਪੁਰ ਅਤੇ ਕੌਂਸਲਰ ਪ੍ਰਧਾਨ ਸ਼ਹਿਰੀ ਕਾਂਗਰਸ ਕਮੇਟੀ ਬਟਾਲਾ ਸੰਜੀਵ ਕੁਮਾਰ ਸ਼ਰਮਾ ਹਾਜ਼ਰ ਸਨ।
