-ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਹੇ ਹਨ ਦੇਵਦਰਸ਼ਦੀਪ ਸਿੰਘ
ਪਟਿਆਲਾ, 17 ਅਪ੍ਰੈਲ 2024 – ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਹੇ ਦੇਵਦਰਸ਼ਦੀਪ ਸਿੰਘ ਨੂੰ ਸਿਵਿਲ ਸਰਵਿਸਜ਼ ਪ੍ਰੀਖਿਆ 2023 ਵਿੱਚ ਬਾਜ਼ੀ ਮਾਰਨ ਲਈ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ਗਈ। ਉਨ੍ਹਾਂ ਦੇਵਦਰਸ਼ਦੀਪ ਸਿੰਘ ਦੀ ਇਸ ਪ੍ਰਾਪਤੀ ਨੂੰ ਪੰਜਾਬੀ ਯੂਨੀਵਰਸਿਟੀ ਲਈ ਮਾਣ ਵਾਲ਼ੀ ਗੱਲ ਐਲਾਨਦਿਆਂ ਕਿਹਾ ਕਿ ਅਜਿਹਾ ਹੋਣ ਨਾਲ਼ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਣਾ ਮਿਲੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਅਦਾਰੇ ਦੀ ਕਾਰਗੁਜ਼ਾਰੀ ਅਤੇ ਗੁਣਵੱਤਾ ਦੇ ਪ੍ਰਮਾਣ ਬਣਦੀਆਂ ਹਨ। ਅਦਾਰਾ ਆਪਣੇ ਅਜਿਹੇ ਹੋਣਹਾਰ ਵਿਦਿਆਰਥੀਆਂ ਉੱਤੇ ਸਦਾ ਹੀ ਮਾਣ ਮਹਿਸੂਸ ਕਰਦਾ ਹੈ।
ਉਨ੍ਹਾਂ ਦੇਵਦਰਸ਼ਦੀਪ ਸਿੰਘ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਰਿਵਾਰ ਵਿੱਚ ਇਹ ਪ੍ਰਾਪਤੀ ਹੋਰ ਵੀ ਖੁਸ਼ੀ ਲੈ ਕੇ ਆਈ ਹੈ ਕਿਉਂਕਿ ਉਸ ਦੇ ਮਾਪੇ ਡਾ. ਦਰਸ਼ਨ ਸਿੰਘ ਆਸ਼ਟ ਅਤੇ ਡਾ. ਰਾਜਵੰਤ ਕੌਰ ਪੰਜਾਬੀ ਦੋਵੇਂ ਹੀ ਪੰਜਾਬੀ ਯੂਨੀਵਰਸਿਟੀ ਵਿਖੇ ਵੱਖ-ਵੱਖ ਅਹੁਦਿਆਂ ਉੱਤੇ ਸੇਵਾਵਾਂ ਨਿਭਾ ਰਹੇ ਹਨ।
ਉੱਘੇ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਅਤੇ ਡਾ. ਰਾਜਵੰਤ ਕੌਰ ਪੰਜਾਬੀ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਦੇਵਦਰਸ਼ਦੀਪ ਸਿੰਘ ਦੀ ਇਸ ਪ੍ਰਾਪਤੀ ਵਿੱਚ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚਲੇ ਅਕਾਦਮਿਕ ਮਾਹੌਲ ਦਾ ਵੀ ਭਰਪੂਰ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਦੇਵਦਰਸ਼ਦੀਪ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਤੋਂ ਹੀ ਹਾਸਲ ਕੀਤੀ ਹੈ। ਉਹ ਅੱਠਵੀਂ ਜਮਾਤ ਤੱਕ ਇੱਥੇ ਪੜ੍ਹਦੇ ਰਹੇ ਹਨ। ਉਹ ਅੱਠਵੀਂ ਬੋਰਡ ਤੋਂ ਮੈਰਿਟ ਵਿੱਚ ਰਹੇ ਹਨ।ਯੂਨੀਵਰਸਿਟੀ ਦੀ ਲਾਇਬਰੇਰੀ, ਰੀਡਿੰਗ ਰੂਮ ਅਤੇ ਕੈਂਪਸ ਦੀਆਂ ਹੋਰ ਵੱਖ-ਵੱਖ ਥਾਵਾਂ ਉੱਤੇ ਵਿਚਰਦਿਆਂ ਦੇਵਦਰਸ਼ਦੀਪ ਨੂੰ ਗਹਿਨ ਅਧਿਐਨ ਕਰਨ ਦੀ ਚੇਟਕ ਲੱਗੀ ਹੈ ਜਿਸ ਸਦਕਾ ਉਹ ਮੁਕਾਮ ਉੱਤੇ ਪਹੁੰਚਣ ਵਿੱਚ ਕਾਮਯਾਬ ਹੋ ਸਕੇ।
ਵਰਨਣਯੋਗ ਹੈ ਕਿ ਆਲ ਇੰਡੀਆ 340ਵੇਂ ਰੈਕ ਨਾਲ਼ ਇਹ ਨਤੀਜਾ ਪਾਸ ਕਰਨ ਵਾਲ਼ੇ ਦੇਵਦਰਸ਼ਦੀਪ ਸਿੰਘ 2020 ਬੈਚ ਦੇ ਟਾਪਰ ਪੀ.ਸੀ.ਐੱਸ. ਅਫ਼ਸਰ ਹਨ ਜੋ ਕਿ ਮੌਜੂਦਾ ਸਮੇਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐੱਸ.ਸੀ.) ਵਿਖੇ ਸਕੱਤਰ (ਪ੍ਰੀਖਿਆਵਾਂ) ਵਜੋਂ ਕਾਰਜਸ਼ੀਲ ਹਨ।