ਪੁਲਿਸ ਯਾਦਗਾਰੀ ਦਿਵਸ: ਡੀਜੀਪੀ ਗੌਰਵ ਯਾਦਵ ਨੇ ਪੁਲਿਸ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

  • ਪੰਜਾਬ ਪੁਲਿਸ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ
  • ਪੰਜਾਬ ਪੁਲਿਸ ਸਰਹੱਦੀ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ: ਡੀਜੀਪੀ ਗੌਰਵ ਯਾਦਵ

ਜਲੰਧਰ, 21 ਅਕਤੂਬਰ 2022 – ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੂਬੇ ਦੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਪੰਜਾਬ ਆਰਮਡ ਪੁਲਿਸ (ਪੀਏਪੀ) ਹੈੱਡਕੁਆਰਟਰ ਵਿਖੇ 63ਵਾਂ ਸੂਬਾ ਪੱਧਰੀ ਪੁਲਿਸ ਯਾਦਗਾਰੀ ਦਿਵਸ ਮਨਾਇਆ ਗਿਆ।
ਸੂਬੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਇੱਕ ਬੇਮਿਸਾਲ ਫੋਰਸ ਹੈ ਜਿਸ ਨੇ ਸ਼ਾਂਤ ਅਤੇ ਅਸ਼ਾਂਤ ਮਾਹੌਲ ਵਿੱਚ ਦੇਸ਼ ਦੀ ਤਨਦੇਹੀ ਨਾਲ ਸੇਵਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਸਤੰਬਰ 1981 ਤੋਂ ਅਗਸਤ 1992 ਦੇ ਸਮੇਂ ਦੌਰਾਨ 1792 ਪੁਲਿਸ ਅਧਿਕਾਰੀਆਂ ਨੇ ਅੱਤਵਾਦ ਨਾਲ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਕੁੱਲ 1792 ਸ਼ਹੀਦ ਪੁਲਿਸ ਅਧਿਕਾਰੀਆਂ ਵਿੱਚ ਪੰਜਾਬ ਪੁਲਿਸ ਦੇ 1604 ਅਧਿਕਾਰੀ ਅਤੇ ਸਿਪਾਹੀ ਸ਼ਾਮਲ ਹਨ, ਜਦਕਿ ਬਾਕੀ 188 ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀ.ਏ.ਪੀ.ਐਫ.) ਦੇ ਮੁਲਾਜ਼ਮ ਹਨ।

ਪੀਏਪੀ ਕੈਂਪਸ ਅੰਦਰ ਬਣੇ ਪੁਲਿਸ ਸ਼ਹੀਦ ਸਮਾਰਕ ਵਿਖੇ ਇੱਕ ਸੁਚੱਜੇ ਢੰਗ ਨਾਲ ਯਾਦਗਾਰੀ ਪਰੇਡ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਡੀ.ਜੀ.ਪੀ.ਪੰਜਾਬ ਵੱਲੋਂ ਸਲਾਮੀ ਲਈ ਗਈ। ਇਸ ਉਪਰੰਤ ਕਮਾਂਡੈਂਟ 80ਵੀਂ ਬਟਾਲੀਅਨ ਵੱਲੋਂ ਇਸ ਸਾਲ ਦੇ ਸ਼ਹੀਦ ਹੋਣ ਬਾਲੇ ਪੁਲਿਸ ਬਲ ਦੇ ਸਾਰੇ 261 ਸ਼ਹੀਦਾਂ ਦੇ ਨਾਂ ਪੜ੍ਹੇ ਗਏ। ਉਹਨਾਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ ਅਤੇ ਬਾਅਦ ਵਿੱਚ ਸੀਨੀਅਰ ਅਧਿਕਾਰੀਆਂ ਨੇ ਸ਼ਹੀਦੀ ਸਮਾਰਕ ‘ਤੇ ਫੁੱਲਮਾਲਾਵਾਂ ਭੇਟ ਕੀਤੀਆਂ।

ਇਸ ਮੌਕੇ ਬੋਲਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਪੂਰਨ ਸਹਿਯੋਗ ਅਤੇ ਸਮਰਥਣ ਦਾ ਭਰੋਸਾ ਦਿੱਤਾ। ਉਹਨਾਂ ਅੱਗੇ ਕਿਹਾ, “ਅਸੀਂ ਆਪਣੇ ਨਾਇਕਾਂ ਦੀਆਂ ਕੁਰਬਾਨੀਆਂ ਨੂੰ ਵਿਅਰਥ ਨਹੀਂ ਜਾਣ ਦੇਵਾਂਗੇ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਪੰਜਾਬ ਪੁਲਿਸ ਸਰਹੱਦੀ ਰਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਅਤੇ ਬਹਾਦਰੀ ਨਾਲ ਸੇਵਾ ਕਰਦੀ ਰਹੇਗੀ।”

ਸਮਾਗਮ ਤੋਂ ਬਾਅਦ ਡੀਜੀਪੀ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਹਮਦਰਦੀ ਨਾਲ ਉਨ੍ਹਾਂ ਦੀ ਗੱਲ ਸੁਣੀ। ਉਨ੍ਹਾਂ ਪੰਜਾਬ ਪੁਲਿਸ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ।

ਡੱਬੀ: ਪੁਲਿਸ ਯਾਦਗਾਰੀ ਦਿਵਸ ਦਾ ਇਤਿਹਾਸ
ਯਾਦਗਾਰੀ ਦਿਵਸ ਦਾ ਇਤਿਹਾਸ 21 ਅਕਤੂਬਰ 1959 ਦਾ ਹੈ ਜਦੋਂ ਲੱਦਾਖ ਦੇ ਹੌਟ ਸਪਰਿੰਗ ਵਿਖੇ ਸਬ-ਇੰਸਪੈਕਟਰ ਕਰਮ ਸਿੰਘ ਦੀ ਅਗਵਾਈ ਵਿੱਚ ਸੈਂਟਰਲ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.) ਦੀ ਗਸ਼ਤ ਕਰ ਰਹੀ ਟੁਕੜੀ ‘ਤੇ ਚੀਨੀ ਬਲਾਂ ਨੇ ਹਮਲਾ ਕਰ ਦਿੱਤਾ ਸੀ, ਜਿਸ ਨਾਲ ਸਾਡੇ 10 ਜਵਾਨ ਸ਼ਹੀਦ ਹੋਏ ਸਨ। 16,000 ਫੁੱਟ ਦੀ ਉਚਾਈ ‘ਤੇ ਅਤਿਅੰਤ ਠੰਡੇ ਮੌਸਮ ਅਤੇ ਵਿਰੋਧੀ ਸਥਿਤੀਆਂ ਵਿੱਚ ਹਰ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨ ਵਾਲੇ ਜਵਾਨਾਂ ਦੀ ਬਹਾਦਰੀ ਮਿਸਾਲੀ ਸਾਹਸ ਦਰਸਾਉਂਦੀ ਹੈ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਵੱਲੋਂ ਹਰ ਸਾਲ ਦੇਸ਼ ਦੇ ਸਾਰੇ ਪੁਲਿਸ ਬਲਾਂ ਦੀ ਇੱਕ ਪ੍ਰਤੀਨਿਧੀ ਦਲ ਨੂੰ ਹੌਟ ਸਪ੍ਰਿੰਗਜ਼, ਲੱਦਾਖ ਵਿਖੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਭੇਜਦੀ ਹੈ ਜਿਨ੍ਹਾਂ ਨੇ 21 ਅਕਤੂਬਰ, 1959 ਨੂੰ ਕੌਮੀ ਸਰਹੱਦਾਂ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ।

ਉਦੋਂ ਤੋਂ ਹਰ ਸਾਲ 21 ਅਕਤੂਬਰ ਨੂੰ, ਸਾਰੀਆਂ ਪੁਲਿਸ ਯੂਨਿਟਾਂ ਵਿੱਚ ਬਹਾਦਰ ਪੁਲਿਸ ਸ਼ਹੀਦਾਂ ਦੇ ਸਤਿਕਾਰ ਵਜੋਂ ਸ਼ਰਧਾਂਜਲੀ ਪਰੇਡ ਆਯੋਜਿਤ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਸ਼ਹੀਦਾਂ ਦੀਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਲਈ ਹਥਿਆਰ ਉਲਟੇ ਕੀਤੇ ਜਾਂਦੇ ਹਨ ਅਤੇ ਦੋ ਮਿੰਟ ਦਾ ਮੌਨ ਰੱਖਿਆ ਜਾਂਦਾ ਹੈ। ਸੂਬਿਆਂ, ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਪੁਲਿਸ ਸ਼ਹੀਦਾਂ ਦੇ ਨਾਮ ਉਹਨਾਂ ਵੱਲੋਂ ਦਿੱਤੀਆਂ ਮਹਾਨ ਕੁਰਬਾਨੀਆਂ ਨੂੰ ਮਾਨਤਾ ਦੇਣ ਲਈ ਪੜ੍ਹੇ ਜਾਂਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਧੂ ਦੀ ਲੁਧਿਆਣਾ ਪੇਸ਼ੀ ਟਲੀ: ਹਸਪਤਾਲ ਨੇ ਮੈਡੀਕਲ ਤੌਰ ‘ਤੇ ਅਨਫਿੱਟ ਦੱਸਿਆ

ਦੇਸ਼ ਦੀ ਅੰਦਰੂਨੀ ਸੁਰੱਖਿਆ ਪੁਲਿਸ ਦੀ ਅਹਿਮ ਜ਼ਿੰਮੇਵਾਰੀ: DIG ਭੁੱਲਰ