— ਪੰਜਾਬ ਪੁਲਿਸ ਇਸ ਵੱਕਾਰੀ ਸਮਾਗਮ ਦੀ ਮੇਜ਼ਬਾਨੀ ਭਾਰਤੀ ਘੋੜਸਵਾਰ ਫੈਡਰੇਸ਼ਨ ਅਧੀਨ ਕਰ ਰਹੀ ਹੈ ਅਤੇ ਦੇਸ਼ ਭਰ ਤੋਂ 15 ਟੀਮਾਂ, 125 ਘੋੜੇ ਅਤੇ ਚੋਟੀ ਦੇ ਘੋੜਸਵਾਰਾਂ ਹਿੱਸਾ ਲੈਣਗੇ
— ਇਹ ਚੈਂਪੀਅਨਸ਼ਿਪ ਹੁਨਰ, ਅਨੁਸ਼ਾਸਨ ਅਤੇ ਪਰੰਪਰਾ ਦਾ ਜਸ਼ਨ: ਡੀਜੀਪੀ ਗੌਰਵ ਯਾਦਵ
ਚੰਡੀਗੜ੍ਹ/ਜਲੰਧਰ, 15 ਫਰਵਰੀ 2025 – ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਪੀ.ਏ.ਪੀ. ਕੈਂਪਸ, ਜਲੰਧਰ ਵਿਖੇ ਪੰਜਾਬ ਪੁਲਿਸ ਵੱਲੋਂ ਕਰਵਾਈ ਜਾ ਰਹੀ ਰਾਸ਼ਟਰੀ ਘੋੜਸਵਾਰ ਚੈਂਪੀਅਨਸ਼ਿਪ-2025 (ਟੈਂਟ ਪੈਗਿੰਗ) ਦਾ ਉਦਘਾਟਨ ਕੀਤਾ।
23 ਫਰਵਰੀ ਨੂੰ ਸਮਾਪਤ ਹੋਣ ਵਾਲੀ ਇਸ ਵਿਲੱਖਣ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਸੂਬਿਆਂ ਦੇ ਪੁਲਿਸ ਬਲਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ, ਫੌਜ, ਜਲ ਸੈਨਾ ਅਤੇ ਕੁਝ ਪ੍ਰਾਈਵੇਟ ਕਲੱਬਾਂ ਦੀਆਂ ਕੁੱਲ 15 ਟੀਮਾਂ ਹਿੱਸਾ ਲੈ ਰਹੀਆਂ ਹਨ।

ਡੀਜੀਪੀ ਗੌਰਵ ਯਾਦਵ ਨੇ ਆਪਣੇ ਐਕਸ ਹੈਂਡਲ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ, “ਪੰਜਾਬ ਪੁਲਿਸ ਨੂੰ ਭਾਰਤੀ ਘੋੜਸਵਾਰ ਫੈਡਰੇਸ਼ਨ ਦੀ ਅਗਵਾਈ ਹੇਠ ਇਸ ਵੱਕਾਰੀ ਪ੍ਰਾਗਰਾਮ ਦੀ ਮੇਜ਼ਬਾਨੀ ਕਰਨ ‘ਤੇ ਮਾਣ ਹਾਸਲ ਹੋਇਆ ਹੈ, ਜਿਸ ਵਿੱਚ ਦੇਸ਼ ਭਰ ਤੋਂ ਪੁਲਿਸ ਬਲਾਂ, ਸੀਏਪੀਐਫਜ਼, ਫੌਜ, ਜਲ ਸੈਨਾ ਅਤੇ ਪ੍ਰਾਈਵੇਟ ਕਲੱਬ ਦੀਆਂ 15 ਟੀਮਾਂ, 125 ਘੋੜੇ ਅਤੇ ਚੋਟੀ ਦੇ ਘੋੜਸਵਾਰ ਹਿੱਸਾ ਲੈ ਰਹੇ ਹਨ।”
ਪੰਜਾਬ ਪੁਲਿਸ ਦੀ 20 ਮੈਂਬਰੀ ਘੋੜਸਵਾਰ ਟੀਮ ਨੂੰ ਚੈਂਪੀਅਨਸ਼ਿਪ ਲਈ ਸ਼ੁਭਕਾਮਨਾਵਾਂ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਘੋੜਸਵਾਰ ਟੀਮ ਦੀ ਅਗਵਾਈ ਡੀਆਈਜੀ ਪ੍ਰਸ਼ਾਸਨ ਪੀਏਪੀ ਇੰਦਰਬੀਰ ਸਿੰਘ ਕਰਨਗੇ ਅਤੇ ਟੀਮ ਆਪਣੇ 24 ਘੋੜਿਆਂ ਨਾਲ ਹਿੱਸਾ ਲੈ ਰਹੀ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਪੁਲਿਸ ਸੇਵਾਵਾਂ (ਆਈਪੀਐਸ) ਅਧਿਕਾਰੀ ਨੇ ਰਾਸ਼ਟਰੀ ਕੁਆਲੀਫਾਇਰ ਵਿੱਚ ਕੁਆਲੀਫਾਈ ਕੀਤਾ ਹੈ ਅਤੇ ਰਾਸ਼ਟਰੀ ਘੋੜਸਵਾਰ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਹੈ। ਇਸ ਚੈਂਪੀਅਨਸ਼ਿਪ ਦੌਰਾਨ ਹੋਣ ਵਾਲੇ ਮੁਕਾਬਲਿਆਂ ਦਾ ਸੰਚਾਲਨ ਅਤੇ ਫੈਸਲਾ ਕਰਨ ਲਈ ਭਾਰਤੀ ਘੋੜਸਵਾਰ ਫੈਡਰੇਸ਼ਨ, ਨਵੀਂ ਦਿੱਲੀ ਵੱਲੋਂ ਅੰਤਰਰਾਸ਼ਟਰੀ ਜਿਊਰੀ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਟੀਮਾਂ ਦੇ 15 ਤੋਂ 20 ਅੰਤਰਰਾਸ਼ਟਰੀ ਖਿਡਾਰੀ ਹਿੱਸਾ ਲੈਣਗੇ।
ਡੀਜੀਪੀ ਨੇ ਟਵੀਟ ਵਿੱਚ ਅੱਗੇ ਲਿਖਿਆ ਹੈ, “ਇਹ ਚੈਂਪੀਅਨਸ਼ਿਪ ਹੁਨਰ, ਅਨੁਸ਼ਾਸਨ ਅਤੇ ਪਰੰਪਰਾ ਦਾ ਸੁਮੇਲ ਹੈ, ਅਤੇ ਮੈਨੂੰ ਖਾਸ ਤੌਰ ‘ਤੇ ਇੱਕ ਆਈਪੀਐਸ ਅਧਿਕਾਰੀ ਨੂੰ ਰਾਸ਼ਟਰੀ ਪੱਧਰ ‘ਤੇ ਕੁਆਲੀਫਾਈ ਕਰਨ ਉਪਰੰਤ ਪਹਿਲੀ ਵਾਰ ਮੁਕਾਬਲਾ ਕਰਦਿਆਂ ਦੇਖ ਕੇ ਮਾਣ ਮਹਿਸੂਸ ਹੋ ਰਿਹਾ ਹੈ।”
ਜ਼ਿਕਰਯੋਗ ਹੈ ਕਿ ਇਸ ਰਾਸ਼ਟਰੀ ਟੈਂਟ ਪੈਗਿੰਗ ਚੈਂਪੀਅਨਸ਼ਿਪ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਵਿੱਚੋਂ ਭਾਰਤੀ ਟੀਮ ਦੀ ਚੋਣ ਕੀਤੀ ਜਾਵੇਗੀ ਜੋ ਸਾਲ 2025-26 ਦੌਰਾਨ ਹੋਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲਏਗੀ।
ਡੀਜੀਪੀ ਗੌਰਵ ਯਾਦਵ, ਜੋ ਕਿ ਰਾਸ਼ਟਰੀ ਘੋੜਸਵਾਰ ਚੈਂਪੀਅਨਸ਼ਿਪ ਦੇ ਚੀਫ ਪੈਟਰਨ ਹਨ, ਨੇ ਲੋਕਾਂ ਅਤੇ ਘੋੜਾ ਪ੍ਰੇਮੀਆਂ ਨੂੰ ਇਸ ਸ਼ਾਨਦਾਰ ਸਮਾਗਮ ਦਾ ਆਨੰਦ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਚੈਂਪੀਅਨਸ਼ਿਪ ਦੇਖਣ ਲਈ ਕੋਈ ਵੱਖਰੀ ਟਿਕਟ ਨਹੀਂ ਲਗਾਈ ਗਈ ਹੈ।
ਭਾਰਤੀ ਘੋੜਸਵਾਰ ਫੈਡਰੇਸ਼ਨ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਵਿੱਚ 125 ਘੋੜਸਵਾਰ ਆਪਣੇ 125 ਘੋੜਿਆਂ ਨਾਲ ਹਿੱਸਾ ਲੈਣਗੇ। ਇਹ ਚੈਂਪੀਅਨਸ਼ਿਪ ਪਹਿਲਾਂ ਦੋ ਵਾਰ 2016 ਅਤੇ 2017 ਵਿੱਚ ਪੀਏਪੀ ਕੈਂਪਸ, ਜਲੰਧਰ ਵਿਖੇ ਕਰਵਾਈ ਜਾ ਚੁੱਕੀ ਹੈ।
ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਐਮ.ਐਫ. ਫਾਰੂਕੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਤੇ ਡੀਆਈਜੀ ਇੰਦਰਬੀਰ ਸਿੰਘ ਪ੍ਰਬੰਧਕੀ ਸਕੱਤਰ ਹਨ, ਜਦੋਂ ਕਿ ਕਮਾਂਡੈਂਟ 7ਵੀਂ ਬਟਾਲੀਅਨ ਪੀਏਪੀ ਗੁਰਤੇਜਿੰਦਰ ਸਿੰਘ ਸ਼ੋਅ ਸਕੱਤਰ ਹਨ।
