DGP ਪੰਜਾਬ ਨੇ ਫੀਲਡ ਪੁਲਿਸ ਮੁਲਾਜ਼ਮਾਂ ਨੂੰ ਕੀਤੀ ਸਖਤ ਹਦਾਇਤ ਕਿਹਾ, “ਲੋਕਾਂ ਦੇ ਸੰਪਰਕ ‘ਚ ਰਹੋ”

  • ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਅਨੁਸਾਰ ਨਾਗਰਿਕ ਪੱਖੀ ਪੁਲਿਸਿੰਗ ਯਕੀਨੀ ਬਣਾਉਣ ਲਈ ਵੀ ਕਿਹਾ
  • ਡੀਜੀਪੀ ਗੌਰਵ ਯਾਦਵ ਨੇ ਆਪਣੇ ਦੂਜੇ ਗੇੜ ਦੇ ਫੀਲਡ ਦੌਰੇ ਦੌਰਾਨ ਬਾਕੀ ਚਾਰ ਪੁਲਿਸ ਰੇਂਜਾਂ ਨੂੰ ਕੀਤਾ ਕਵਰ, ਆਈਜੀਜ਼, ਐਸਐਸਪੀਜ਼ ਨਾਲ ਕੀਤੀ ਅਪਰਾਧ-ਸਮੀਖਿਆ ਮੀਟਿੰਗ
  • ਸੀਪੀਜ਼/ਐਸਐਸਪੀਜ਼ ਨੂੰ ਪੁਲਿਸ ਸਟੇਸ਼ਨਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਬੁਨਿਆਦੀ ਪੁਲਿਸਿੰਗ ਨੂੰ ਸੁਰਜੀਤ ਕਰਨ ਲਈ ਕਿਹਾ
  • ਡੀਜੀਪੀ ਨੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਨੂੰ ਦੁਹਰਾਇਆ
  • ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੀਪੀਜ਼/ਐਸਐਸਪੀਜ਼ ਨੂੰ ਵਾਧੂ ਚੌਕਸ ਰਹਿਣ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਵਾਸਤੇ ਕਿਹਾ

ਫਿਰੋਜ਼ਪੁਰ/ਫਰੀਦਕੋਟ/ਬਠਿੰਡਾ/ਪਟਿਆਲਾ, 11 ਅਗਸਤ:

ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਫੀਲਡ ਡਿਊਟੀਆਂ ‘ਤੇ ਤਾਇਨਾਤ ਸਾਰੇ ਪੁਲਿਸ ਕਰਮਚਾਰੀਆਂ ਨੂੰ ਆਮ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਤਤਪਰ ਰਹਿਣ ਅਤੇ ਨਾਗਰਿਕ ਪੱਖੀ ਪੁਲਿਸਿੰਗ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਸੰਪਰਕ ‘ਚ ਰਹਿਣ ਦੇ ਨਿਰਦੇਸ਼ ਦਿੱਤੇ।

ਲੋਕਾਂ ਵਿੱਚ ਵਿਸ਼ਵਾਸ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਲਈ ਪੁਲਿਸ ਥਾਣਿਆਂ ਵਿੱਚ ਮੌਜੂਦ ਰਹਿਣ ਅਤੇ ਫੋਨ ‘ਤੇ ਉਨ੍ਹਾਂ ਦੇ ਮਸਲਿਆਂ ਨੂੰ ਸ਼ਾਂਤੀ ਨਾਲ ਸੁਣ ਕੇ ਉਨ੍ਹਾਂ ਦਾ ਹੱਲ ਕਰਨ ਲਈ ਕਿਹਾ ਜਿਸ ਨਾਲ ਸਮਾਜ ਵਿਚਲੇ ਮਾੜੇ ਤੱਤਾਂ ਦੀ ਪਛਾਣ ਲਈ ਸਰੋਤ ਵਿਕਸਤ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਦੁਹਰਾਇਆ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ।

ਡੀਜੀਪੀ ਗੌਰਵ ਯਾਦਵ ਰੇਂਜਾਂ ਦੇ ਆਈਜੀਜ਼, ਐਸਐਸਪੀਜ਼, ਗਜ਼ਟਿਡ ਅਫਸਰਾਂ ਅਤੇ ਬਾਕੀ ਚਾਰ ਪੁਲਿਸ ਰੇਂਜਾਂ ਦੇ ਐਸਐਚਓਜ਼ ਨਾਲ ਅਪਰਾਧ ਸਮੀਖਿਆ ਮੀਟਿੰਗ ਕਰਨ ਲਈ ਆਪਣੇ ਦੂਜੇ ਗੇੜ ਦੇ ਫੀਲਡ ਦੌਰੇ ‘ਤੇ ਸਨ। ਉਨ੍ਹਾਂ ਵੱਲੋਂ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਅਤੇ ਪਟਿਆਲਾ ਸਮੇਤ ਚਾਰ ਪੁਲਿਸ ਰੇਂਜਾਂ ਨੂੰ ਕਵਰ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਹਰੇਕ ਪੁਲਿਸ ਮੁਲਾਜ਼ਮ ਨੂੰ ਇੱਕ ਪਿੰਡ ਅਲਾਟ ਕੀਤਾ ਜਾਵੇਗਾ ਅਤੇ ਉਸ ਪਿੰਡ ਦੀ ਜ਼ਿੰਮੇਵਾਰੀ ਉਕਤ ਪੁਲਿਸ ਮੁਲਾਜ਼ਮ ਦੀ ਹੋਵੇਗੀ।

ਡੀਜੀਪੀ ਗੌਰਵ ਯਾਦਵ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਅਨੁਸਾਰ ਸੂਬੇ ਵਿੱਚੋਂ ਗੈਂਗਸਟਰ ਸੱਭਿਆਚਾਰ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਯੂਨਿਟਾਂ ਨਾਲ ਤਾਲਮੇਲ ਜ਼ਰੀਏ ਕੰਮ ਕਰਨ ਦੇ ਆਦੇਸ਼ ਦਿੱਤੇ ਹਨ।
ਡੀਜੀਪੀ ਨੇ ਕਿਹਾ ਕਿ ਪਿਛਲੀ ਅਪਰਾਧ ਸਮੀਖਿਆ ਮੀਟਿੰਗ ਮਗਰੋਂ ਪੁਲਿਸ ਮੁਲਾਜ਼ਮਾਂ ਨੂੰ ਨਾਨ-ਕੋਰ ਡਿਊਟੀਆਂ ਤੋਂ ਹਟਾ ਕੇ ਫੀਲਡ ਦੀ 50 ਫੀਸਦ ਪੁਲਿਸ ਫੋਰਸ ਪਹਿਲਾਂ ਹੀ ਪੁਲਿਸ ਥਾਣਿਆਂ ਵਿੱਚ ਤਾਇਨਾਤ ਕਰ ਦਿੱਤੀ ਗਈ ਹੈ। ਉਨ੍ਹਾਂ ਪੁਲਿਸ ਥਾਣਿਆਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਨਾਲ ਬੁਨਿਆਦੀ ਪੁਲਿਸਿੰਗ ਨੂੰ ਸੁਰਜੀਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਏ.ਡੀ.ਜੀ.ਪੀ. ਐਸ.ਓ.ਜੀ. ਦੁਆਰਾ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਦੀ ਤਰਜ਼ ‘ਤੇ ਹਰੇਕ ਜ਼ਿਲ੍ਹੇ ਵਿੱਚ ਘੱਟੋ-ਘੱਟ ਇੱਕ ਕੁਇਕ ਰਿਐਕਸ਼ਨ ਟੀਮ (ਕਿਊ.ਆਰ.ਟੀ.) ਅਤੇ 2 ਆਰਮਡ ਰਿਜ਼ਰਵ, ਜਿਸ ਵਿੱਚ ਉੱਚ ਸਿਖਲਾਈ ਪ੍ਰਾਪਤ ਅਤੇ ਪੂਰੀ ਤਰ੍ਹਾਂ ਲੈਸ ਪੁਲਿਸ ਕਰਮਚਾਰੀ ਸ਼ਾਮਲ ਹੋਣ, ਤਾਇਨਾਤ ਕਰਨ ਦਾ ਵੀ ਪ੍ਰਸਤਾਵ ਦਿੱਤਾ ।

ਉਨ੍ਹਾਂ ਨੇ ਸੀਪੀਜ਼/ਐਸਐਸਪੀਜ਼ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਪੁਲਿਸ ਸਟੇਸ਼ਨ ਦੇ ਖੇਤਰਾਂ ਨੂੰ ਬੀਟਾਂ ਵਿੱਚ ਵੰਡਣ ਅਤੇ ਹਰੇਕ ਬੀਟ ਖੇਤਰ ਵਿੱਚ ਇੱਕ ਬੀਟ ਅਫ਼ਸਰ ਲਗਾਇਆ ਜਾਵੇ ਤਾਂ ਜੋ ਪੁਲਿਸ ਅਧਿਕਾਰੀ ਦੀ ਵਿਸ਼ੇਸ਼ ਖੇਤਰਾਂ ਲਈ ਜਵਾਬਦੇਹੀ ਤੈਅ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਅਧਿਕਾਰੀ ਐਸ.ਐਚ.ਓਜ਼ ਨੂੰ ਮਾੜੇ ਅਨਸਰਾਂ ਦਾ ਪੁਰਾਣਾ ਅਪਰਾਧਕ ਰਿਕਾਰਡ ਖੋਲ੍ਹਣ ਅਤੇ ਉਨ੍ਹਾਂ ਦੀ ਸੂਚੀ ਬਣਾਉਣ ਦੇ ਨਿਰਦੇਸ਼ ਦੇਣ ਤਾਂ ਜੋ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਐਸ.ਐਚ.ਓਜ਼ ਨੂੰ ਵੱਡੇ ਘਿਨਾਉਣੇ ਅਪਰਾਧਾਂ ਦੇ ਮਾਮਲਿਆਂ ਦੀ ਨਿੱਜੀ ਤੌਰ ‘ਤੇ ਜਾਂਚ ਕਰਨ ਲਈ ਵੀ ਕਿਹਾ।

ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਡੀਜੀਪੀ ਗੌਰਵ ਯਾਦਵ ਨੇ ਸੀਪੀਜ਼/ਐਸਐਸਪੀਜ਼ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਨਾਲ-ਨਾਲ ਸਾਰੀਆਂ ਸੰਵੇਦਨਸ਼ੀਲ ਥਾਵਾਂ ‘ਤੇ ਚੌਕਸੀ ਰੱਖਣ ਦੇ ਆਦੇਸ਼ ਦਿੱਤੇ।

ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਜ਼ਿਲ੍ਹਾ ਪੱਧਰ ‘ਤੇ ਮਹੀਨਾਵਾਰ ਅਪਰਾਧ ਸਮੀਖਿਆ ਮੀਟਿੰਗਾਂ ਕਰਨ ਅਤੇ ਸੋਮਵਾਰ ਦੀ ਪਰੇਡ ਨੂੰ ਮੁੜ ਬਹਾਲ ਕਰਨ ਦੇ ਨਾਲ ਨਾਲ ਪੁਲਿਸ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਆਰਡਰਲੀ ਰੂਮ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਨਤਕ ਖੇਤਰਾਂ ਜਿਵੇਂ ਮਾਰਕੀਟਾਂ, ਧਾਰਮਿਕ ਸਥਾਨਾਂ ਅਤੇ ਨਿੱਜੀ ਜਾਇਦਾਦਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇ।

ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਸਮੂਹ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਵਰਦੀ ਵਿੱਚ ਕਾਲੀਆਂ ਭੇਡਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗਲਤ ਕਾਰਵਾਈ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

ਡੀਜੀਪੀ ਨੇ ਬੁਨਿਆਦੀ ਪੁਲਿਸਿੰਗ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਸੀਆਰਪੀਸੀ ਦੀਆਂ ਧਾਰਾਵਾਂ 107, 109 ਅਤੇ 110 ਤਹਿਤ ਰੋਕਥਾਮ ਦੀਆਂ ਕਾਰਵਾਈਆਂ ਕਰਨ ਅਤੇ ਪੁਲਿਸ ਸਟੇਸ਼ਨਾਂ ਦੇ ਰਿਕਾਰਡ ਨੂੰ ਅਪਡੇਟ ਰੱਖਣ ਲਈ ਵੀ ਕਿਹਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

5 ਨਾਇਬ-ਤਹਿਸੀਲਦਾਰਾਂ ਦੇ ਤਬਾਦਲੇ

35 ਮਾਲ ਅਫਸਰਾਂ/ਤਹਿਸੀਲਦਾਰਾਂ ਨੂੰ ਦਿੱਤਾ ਐਡੀਸ਼ਨਲ ਚਾਰਜ