ਮਜੀਠਾ ਵਿਖੇ ਸ਼ਰਾਬ ਦੁਰਘਟਨਾ ਦੇ ਪੀੜਤ ਪਰਿਵਾਰਾਂ ਨੂੰ ਧਾਲੀਵਾਲ ਨੇ ਦਿੱਤੇ 10-10 ਲੱਖ ਰੁਪਏ ਦੇ ਚੈੱਕ

  • ਜ਼ਹਿਰੀਲੀ ਸ਼ਰਾਬ ਵੇਚਣ ਵਾਲੇ 16 ਵਿਅਕਤੀ ਪੁਲਿਸ ਨੇ ਕੀਤੇ ਕਾਬੂ
  • 48 ਘੰਟਿਆਂ ਵਿੱਚ ਮਾਨ ਸਰਕਾਰ ਨੇ ਦਿੱਤੀ ਮੁਆਵਜ਼ਾ ਰਾਸ਼ੀ

ਅੰਮ੍ਰਿਤਸਰ, 16 ਮਈ 2025 – ਬੀਤੇ ਦਿਨੀ ਮਜੀਠਾ ਹਲਕੇ ਦੇ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਵੱਲੋਂ ਐਲਾਨੀ ਗਈ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਅੱਜ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਗੁਰਦੁਆਰਾ ਭਗਤ ਨਾਮਦੇਵ ਜੀ ਮਰੜੀ ਵਿਖੇ ਪਹੁੰਚ ਕੇ ਵੰਡੇ। ਇਸ ਮੌਕੇ ਉਨਾਂ ਪਰਿਵਾਰਾਂ ਨਾਲ ਹਮਦਰਦੀ ਕਰਦਿਆਂ ਕਿਹਾ ਕਿ ਪੈਸੇ ਨਾਲ ਤੁਹਾਡੇ ਪਰਿਵਾਰਾਂ ਦੇ ਕਮਾਊ ਮੈਂਬਰ, ਜੋ ਇਸ ਜਹਾਨ ਤੋਂ ਤੁਰ ਗਏ ਹਨ, ਦਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਸਾਡੀ ਜਿੰਮੇਵਾਰੀ ਹੈ ਕਿ ਅਸੀਂ ਬਚੇ ਹੋਏ ਜੀਆਂ ਲਈ ਜੋ ਕਰ ਸਕਦੇ ਹਾਂ ਕਰੀਏ।

ਉਹਨਾਂ ਕਿਹਾ ਕਿ ਪਰਸੋਂ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਇਸ ਹਾਦਸੇ ਦੀ ਖਬਰ ਸੁਣਦੇ ਸਾਰ ਕੁਝ ਹੀ ਘੰਟਿਆਂ ਵਿੱਚ ਇੱਥੇ ਪੁੱਜੇ ਸਨ ਅਤੇ ਉਨਾਂ ਨੇ ਤੁਹਾਡੇ ਨਾਲ ਦੁੱਖ ਦਾ ਇਜ਼ਹਾਰ ਕਰਦਿਆਂ ਜੋ ਸਹਾਇਤਾ ਰਾਸ਼ੀ ਐਲਾਨੀ ਸੀ, ਉਹ ਚੈੱਕ ਅੱਜ ਮੈਂ ਤੁਹਾਨੂੰ ਦੇਣ ਆਇਆ ਹਾਂ। ਉਹਨਾਂ ਕਿਹਾ ਕਿ ਇਹ 48 ਘੰਟਿਆਂ ਦੇ ਵਿੱਚ ਮਾਨ ਸਰਕਾਰ ਨੇ ਵਾਅਦਾ ਪੂਰਾ ਕੀਤਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਜੋ ਵਿਅਕਤੀ ਹਸਪਤਾਲ ਵਿੱਚ ਇਲਾਜ ਅਧੀਨ ਹਨ, ਦਾ ਇਲਾਜ ਸਰਕਾਰ ਵੱਲੋਂ ਮੁਫਤ ਕਰਵਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਦੋ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਰਿਪੋਰਟ ਹੋਈਆਂ ਹੋਈਆਂ ਮੌਤਾਂ, ਜਿਨਾਂ ਦੀ ਗਿਣਤੀ 22 ਸੀ, ਦੇ ਵਾਰਸਾਂ ਨੂੰ ਚੈੱਕ ਦਿੱਤੇ ਗਏ ਹਨ ਅਤੇ ਬਾਕੀ ਜੋ ਪੰਜ ਪਰਿਵਾਰ ਰਹਿ ਗਏ ਹਨ ਉਹਨਾਂ ਨੂੰ ਚੈੱਕ ਆਉਣ ਵਾਲੇ ਦਿਨਾਂ ਵਿੱਚ ਦਿੱਤੇ ਜਾਣਗੇ।

ਹਾਦਸੇ ਦੇ ਦੋਸ਼ੀ ਵਿਅਕਤੀਆਂ ਬਾਰੇ ਬੋਲਦੇ ਉਹਨਾਂ ਸਪਸ਼ਟ ਕੀਤਾ ਕਿ ਤੁਹਾਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ ਅਤੇ ਜੋ ਵੀ ਵਿਅਕਤੀ ਦੋਸ਼ੀ ਹੈ, ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਪੰਜਾਬ ਪੁਲਿਸ ਦੀ ਸਰਾਹਨਾ ਕਰਦਿਆਂ ਕਿਹਾ ਕਿ ਪੁਲਿਸ ਨੇ ਹੁਣ ਤੱਕ ਇਸ ਘਟਨਾ ਨਾਲ ਸਬੰਧਿਤ 16 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨਾਂ ਵਿੱਚੋਂ ਕੁਝ ਦਿੱਲੀ ਅਤੇ ਲੁਧਿਆਣੇ ਤੋਂ ਵੀ ਗ੍ਰਿਫਤਾਰ ਕੀਤੇ ਗਏ ਹਨ। ਉਹਨਾਂ ਕਿਹਾ ਕਿ ਜੋ ਵੀ ਵਿਅਕਤੀ ਇਸ ਹਾਦਸੇ ਲਈ ਜ਼ਿੰਮੇਵਾਰ ਹੈ, ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਸਾਡੀ ਸਰਕਾਰ ਨਸ਼ਿਆਂ ਵਿਰੁੱਧ ਜੰਗ ਲੜ ਰਹੀ ਹੈ ਅਤੇ ਕੇਵਲ ਇਹ ਘਟਨਾ ਹੀ ਨਹੀਂ ਹੋਰ ਵੀ ਜੋ ਵਿਅਕਤੀ ਨਸ਼ੇ ਦਾ ਧੰਦਾ ਕਰਦੇ ਹਨ, ਦੀਆਂ ਜਾਇਦਾਦਾਂ ਉੱਤੇ ਪੀਲਾ ਪੰਜਾ ਚੱਲੇਗਾ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਤਾਂ ਜੋ ਉਹ ਅਤੇ ਉਹਨਾਂ ਦੀਆਂ ਆਉਣ ਵਾਲੀਆਂ ਪੀੜੀਆਂ ਇਸ ਕੰਮ ਤੋਂ ਤੌਬਾ ਕਰ ਜਾਣ। ਉਹਨਾਂ ਨਾਲ ਇਸ ਮੌਕੇ ਹਲਕਾ ਮਜੀਠਾ ਦੇ ਇੰਚਾਰਜ ਸ ਜਗਵਿੰਦਰ ਪਾਲ ਸਿੰਘ ਜੱਗਾ ਮਜੀਠਾ, ਐਸਡੀਐਮ ਸ੍ਰੀਮਤੀ ਹਰਨੂਰ ਕੌਰ, ਸਹਾਇਕ ਕਮਿਸ਼ਨਰ ਖੁਸ਼ਪ੍ਰੀਤ ਸਿੰਘ, ਮਰੜੀ ਦੇ ਸਰਪੰਚ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰਿਆਣਾ ਨੇ ਮੰਗਿਆ 10,300 ਕਿਊਸਿਕ ਪਾਣੀ: ਪੰਜਾਬ ਸਰਕਾਰ ਸਖ਼ਤ ਨਿਖੇਧੀ

ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ਦੇ ਬਾਹਰ ਹੋਈ ਫਾਇਰਿੰਗ