ਪੁੰਛ ’ਚ ਹਮਲੇ ਦੌਰਾਨ ਮਾਰੇ ਗਏ ਚਾਰ ਸਿੱਖਾਂ ਦੇ ਪਰਿਵਾਰਾਂ ਨੂੰ ਮਿਲਣ ਪੁੱਜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ

  • ਸ਼੍ਰੋਮਣੀ ਕਮੇਟੀ ਵੱਲੋਂ ਪੀੜਤ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇ ਦਿੱਤੇ ਚੈੱਕ
  • ਕੇਂਦਰ ਸਰਕਾਰ ਜੰਮੂ ਕਸ਼ਮੀਰ ’ਚ ਸਿੱਖਾਂ ਦਾ ਘੱਟ ਗਿਣਤੀ ਦਰਜਾ ਬਹਾਲ ਕਰੇ, ਅਤੇ ਨੌਕਰੀਆਂ ਵਿੱਚ ਵਿਸ਼ੇਸ਼ ਕੋਟਾ ਦੇਵੇ- ਐਡਵੋਕੇਟ ਧਾਮੀ

ਅੰਮ੍ਰਿਤਸਰ, 16 ਮਈ 2025 – ਭਾਰਤ ਪਾਕਿਸਤਾਨ ਵਿੱਚ ਬਣੇ ਤਣਾਅ ਵਾਲੇ ਹਾਲਾਤਾਂ ਦੌਰਾਨ ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਪੁੰਛ ਵਿੱਚ ਹੋਏ ਹਮਲਿਆਂ ’ਚ ਮਾਰੇ ਗਏ ਚਾਰ ਸਿੱਖਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੁੰਛ ਪਹੁੰਚੇ ਅਤੇ ਉਨਾਂ ਨੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਦਿੱਤੇ। ਉਨ੍ਹਾਂ ਸਮੂਹ ਪੀੜਤ ਪਰਿਵਾਰਾਂ ਦੇ ਘਰਾਂ ਵਿੱਚ ਜਾ ਕੇ ਹਮਦਰਦੀ ਪ੍ਰਗਟ ਕੀਤੀ ਅਤੇ ਰਾਗੀ ਭਾਈ ਅਮਰੀਕ ਸਿੰਘ ਨਮਿਤ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵੱਡ, ਮਹੰਤ ਮਨਜੀਤ ਸਿੰਘ, ਮੀਤ ਸਕੱਤਰ ਸ ਹਰਭਜਨ ਸਿੰਘ ਵਕਤਾ ਵੀ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਰਣਜੀਤ ਸਿੰਘ, ਰਾਗੀ ਭਾਈ ਅਮਰੀਕ ਸਿੰਘ, ਸਾਬਕਾ ਫੌਜੀ ਸ. ਅਮਰਜੀਤ ਸਿੰਘ ਅਤੇ ਬੀਬੀ ਬਲਵਿੰਦਰ ਕੌਰ (ਚਾਰੇ ਵਾਸੀ ਪੁੰਛ) ਦੀ ਹਮਲਿਆਂ ਦੌਰਾਨ ਮੌਤ ਹੋ ਗਈ ਸੀ।
ਪੁੰਛ ਪੁੱਜੇ ਐਡਵੋਕੇਟ ਧਾਮੀ ਨੇ ਕਿਹਾ ਜੰਗ ਦੇ ਨਤੀਜੇ ਕਦੇ ਵੀ ਮਾਨਵਤਾ ਦੇ ਹੱਕ ਵਿਚ ਨਹੀਂ ਹੋ ਸਕਦੇ ਬਲਕਿ ਇਸ ਤੇ ਮਾਰੂ ਪ੍ਰਭਾਵ ਚਿਰਸਦੀਵ ਮਾਨਵਤਾ ਨੂੰ ਸਹਿਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਜੀ ਤੁਰ ਗਏ ਹਨ ਉਨ੍ਹਾਂ ਦਾ ਦੁੱਖ ਬਹੁਤ ਵੱਡਾ ਹੈ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਵੰਡਾਉਣ ਦਾ ਇੱਕ ਨਿਮਾਣਾ ਯਤਨ ਕੀਤਾ ਹੈ। ਉਨ੍ਹਾਂ ਆਖਿਆ ਕਿ ਇਹ ਕੋਈ ਅਹਿਸਾਨ ਨਹੀਂ ਹੈ ਸਗੋਂ ਇਹ ਸਿੱਖ ਸੰਸਥਾ ਸਭ ਦੀ ਸਾਂਝੀ ਹੈ ਅਤੇ ਇਸੇ ਭਾਵਨਾ ਨਾਲ ਹੀ ਆਪਣਾ ਫਰਜ਼ ਨਿਭਾ ਰਹੀ ਹੈ।

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਜੰਮੂ ਕਸ਼ਮੀਰ ਵਿੱਚ ਸਿੱਖਾਂ ਦੇ ਮਾਮਲਿਆਂ ਪ੍ਰਤੀ ਸੁਹਿਰਦ ਪਹੁੰਚ ਅਪਨਾਏ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਜੰਮੂ ਕਸ਼ਮੀਰ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਤਹਿਤ ਰਾਖਵਾਂ ਕਰਨ ਮਿਲਦਾ ਸੀ, ਪ੍ਰੰਤੂ ਮੌਜੂਦਾ ਸਮੇਂ ਇਨ੍ਹਾਂ ਨੂੰ ਇਸ ਤੋਂ ਵਿਰਵਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰਾਖਵਾਂ ਕਰਨ ਅਤੇ ਸਰਕਾਰੀ ਨੌਕਰੀਆਂ ਵਿੱਚ ਵੱਖਰਾ ਕੋਟਾ ਨੀਅਤ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ। ਐਡਵੋਕੇਟ ਧਾਮੀ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੂੰ ਵੀ ਕਿਹਾ ਕਿ ਉਹ ਮਾਰੇ ਗਏ ਚਾਰ ਸਿੱਖ ਪਰਿਵਾਰਾਂ ਦੀ ਸਾਰ ਲੈਣ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਉਣ। ਉਨ੍ਹਾਂ ਆਖਿਆ ਕਿ ਇਨ੍ਹਾਂ ਪਰਿਵਾਰਾਂ ਵਿੱਚੋਂ ਇੱਕ ਇੱਕ ਜੀਅ ਨੂੰ ਨੌਕਰੀ ਦੇਣ ਦਾ ਸਰਕਾਰ ਪ੍ਰਬੰਧ ਕਰੇ।

ਇਸੇ ਦੌਰਾਨ ਮਹੰਤ ਮਨਜੀਤ ਸਿੰਘ ਨੇ ਐਲਾਨ ਕੀਤਾ ਕਿ ਉਹ ਪੀੜਿਤ ਸਿੱਖ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣਗੇ, ਤਾਂ ਜੋ ਇਹਨਾਂ ਦੇ ਬੱਚੇ ਚੰਗੀ ਪੜ੍ਹਾਈ ਕਰਕੇ ਭਵਿੱਖ ਵਿੱਚ ਪਰਿਵਾਰ ਦਾ ਸਹਾਰਾ ਬਣ ਸਕਣ।

ਜੰਮੂ ਕਸ਼ਮੀਰ ਪਹੁੰਚੇ ਐਡਵੋਕੇਟ ਧਾਮੀ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵੱਡ, ਮੀਤ ਸਕੱਤਰ ਸ ਹਰਭਜਨ ਸਿੰਘ ਵਕਤਾ, ਸ. ਅੰਮ੍ਰਿਤਪਾਲ ਸਿੰਘ ਕੁਲਾਰ, ਮਹੰਤ ਮਨਜੀਤ ਸਿੰਘ ਮੁਖੀ ਸ਼੍ਰੋਮਣੀ ਡੇਰਾ ਨੰਗਲੀ ਸਾਹਿਬ ਪੁੰਛ, ਭਾਈ ਹਰਭਿੰਦਰ ਸਿੰਘ ਇੰਚਾਰਜ ਸਿੱਖ ਮਿਸ਼ਨ, ਭਾਈ ਜਗਤਾਰ ਸਿੰਘ ਸਲਾਹਕਾਰ/ਕੋਆਰਡੀਨੇਟਰ (ਜੰਮੂ ਕਸ਼ਮੀਰ) ਧਰਮ ਪ੍ਰਚਾਰ ਕਮੇਟੀ, ਸ. ਪਰਵਿੰਦਰ ਸਿੰਘ ਚੇਅਰਮੈਨ ਗੁਰੂ ਨਾਨਕ ਸੇਵਾ ਚੈਰੀਟੇਬਲ ਟਰੱਸਟ (ਜੰਮੂ ਕਸ਼ਮੀਰ), ਸ. ਨਰਿੰਦਰ ਸਿੰਘ ਪ੍ਰਧਾਨ ਡਿਸਟ੍ਰਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਪੁੰਛ, ਸ. ਰਣਜੀਤ ਸਿੰਘ ਟੌਹੜਾ ਪ੍ਰਧਾਨ ਜੰਮੂ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਹਰਚਰਨ ਸਿੰਘ ਖ਼ਾਲਸਾ, ਸ. ਹਰਦਿਆਲ ਸਿੰਘ, ਸ. ਚਰਨਜੀਤ ਸਿੰਘ ਖਾਲਸਾ ਸਾਬਕਾ ਐਮਐਲਸੀ ਅਤੇ ਹੋਰ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਹਤ ਮੰਤਰੀ ਡਾ. ਬਲਬੀਰ ਸਿੰਘ ਲੋਕਾਂ ਨੂੰ ਡੇਂਗੂ ਤੇ ਚਿਕਨਗੁਨੀਆਂ ਤੋਂ ਬਚਾਉਣ ਲਈ ਖੁਦ ਮੈਦਾਨ ‘ਚ ਉਤਰੇ

ਪੰਜਾਬ ਵਿੱਚੋਂ ਨਸ਼ਿਆਂ ਦਾ ਹੋਵੇਗਾ ਮੁਕੰਮਲ ਖਾਤਮਾ; ਨਸ਼ਾ ਤਸਕਰਾਂ ‘ਤੇ ਕਾਰਵਾਈ ਜਾਰੀ ਤੇ ਮਰੀਜ਼ਾਂ ਦਾ ਕੀਤਾ ਜਾ ਰਿਹੈ ਸਹੀ ਇਲਾਜ: ਡਾ. ਬਲਜੀਤ ਕੌਰ