ਲੁਧਿਆਣਾ, 5 ਸਤੰਬਰ 2025 – ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਪਿੰਡ ਸਸਰਾਲੀ ਕਾਲੋਨੀ ਦੇ ਸਤਲੁਜ ਦਰਿਆ ‘ਤੇ ਧੁੱਸੀ ਬੰਨ੍ਹ ਟੁੱਟਣ ਦੀਆਂ ਖਬਰਾਂ ਮੀਡੀਆ ਚੈਨਲਾਂ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਖਬਰਾਂ ਦੇ ਕਾਰਨ ਸਤਲੁਜ ਦੇ ਕੰਢੇ ‘ਤੇ ਵਸਦੇ ਲੋਕਾਂ ਵਿਚ ਦਹਿਦਸ਼ਤ ਦਾ ਮਾਹੌਲ ਹੈ।
ਜਿਸ ਦੇ ਬਾਰੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸ਼ਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਅਜੇ ਤਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਪਰ ਉਨ੍ਹਾਂ ਕਿਹਾ ਕਿ ਪਾਣੀ ਜ਼ਿਆਦਾ ਹੋਣ ਕਾਰਨ ਬੰਨ੍ਹ ਨੂੰ ਖੋਰਾ ਜ਼ਰੂਰ ਲੱਗਿਆ ਹੈ ਪਰ ਬੰਨ੍ਹ ਅਜੇ ਵੀ ਬਰਕਰਾਰ ਹੈ। ਇਸ ਅਜੇ ਕਿਸੇ ਵੀ ਕਿਸਮ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਵਿਚ ਪਾਣੀ ਪਹਿਲਾਂ ਤੋਂ ਘਟਿਆ ਹੈ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਬੰਨ੍ਹ ਨੂੰ ਹੋਰ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਫ਼ਵਾਹਾਂ ‘ਤੇ ਧਿਆਨ ਨਾ ਦਿੱਤਾ ਜਾਵੇ, ਫ਼ਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੰਨ੍ਹ ਨੂੰ ਮਜਬੂਤ ਕਰਨ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।

