ਧੂਰੀ, 17 ਅਕਤੂਬਰ 2024 – ਪੰਜਾਬ ਪੁਲਿਸ ਦੇ ਬਠਿੰਡਾ ਰੇਂਜ ਵਿੱਚ ਬਤੌਰ ਡੀ.ਆਈ.ਜੀ. ਸੇਵਾਵਾਂ ਨਿਭਾ ਰਹੇ ਸੀਨੀਅਰ ਆਈ.ਪੀ.ਐਸ ਅਧਿਕਾਰੀ ਹਰਚਰਨ ਸਿੰਘ ਭੁੱਲਰ, ਐੱਸ.ਐੱਸ.ਪੀ. ਬਠਿੰਡਾ ਮੈਡਮ ਅਮਨੀਤ ਕੌਂਡਲ ਅਤੇ ਐੱਸ.ਐੱਸ.ਪੀ. ਮਾਨਸਾ ਭਗੀਰਥ ਸਿੰਘ ਮੀਨਾ ਨੂੰ ਪੰਜਾਬ ਪੁਲਸ ਵੱਲੋਂ ”ਡੀ.ਜੀ.ਪੀ. ਕੁਮੈਂਡਸ਼ਨ ਡਿਸਕ” ਨਾਲ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਪੁਲਿਸ ਦੇ ਮੁਖੀ ਸ੍ਰੀ ਗੌਰਵ ਯਾਦਵ ਦੇ ਹੁਕਮਾਂ ਨਾਲ ਜਾਰੀ ਹੋਏ ਵਿਭਾਗੀ ਪੱਤਰ ਅਨੁਸਾਰ ਇਹਨਾਂ ਤਿੰਨਾਂ ਪੁਲਿਸ ਅਧਿਕਾਰੀਆਂ ਨੂੰ ਪੰਚਾਇਤੀ ਚੋਣਾਂ 2024 ਨੂੰ ਸ਼ਾਂਤੀਪੂਰਵਕ ਅਤੇ ਅਮਨ ਅਮਾਂਨ ਨਾਲ ਕਰਵਾਉਣ ਵਿੱਚ ਪਾਏ ਵੱਡਮੁੱਲੇ ਯੋਗਦਾਨ ਬਦਲੇ ਸਨਮਾਨਿਤ ਕੀਤਾ ਜਾਵੇਗਾ।
ਇਸ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਡੀ.ਆਈ.ਜੀ. ਬਠਿੰਡਾ ਰੇਂਜ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਟੀਮ ਹਮੇਸ਼ਾ ਅਮਨ ਸ਼ਾਂਤੀ ਦੀ ਬਹਾਲੀ ਲਈ ਤੱਤਪਰ ਹੈ ਅਤੇ ਕਿਸੇ ਵੀ ਗੈਰ ਸਮਾਜਿਕ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਹਮੇਸ਼ਾ ਨਸ਼ੇ ਦੀ ਖ਼ਾਤਮੇ ਲਈ ਤੱਤਪਰ ਹੈ ਅਤੇ ਪੁਲਿਸ ਵੱਲੋਂ ਨਸ਼ਾ ਤਸੱਕਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਗੈਰ ਕਾਨੂੰਨੀ ਕਾਰੋਬਾਰ ਕਰਨ ਵਾਲਿਆਂ ਨੂੰ ਬਖ਼ਸਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਦੀ ਸੂਚਨਾਂ ਪੁਲਸ ਨੂੰ ਦੇਣ, ਪੁਲਿਸ ਉਨ੍ਹਾਂ ਦਾ ਨਾਮ ਅਤੇ ਪਤਾ ਗੁਪਤ ਰੱਖੇਗੀ।