ਪੰਜਾਬ ਦੇ ਟਰਾਂਸਪੋਰਟ ਵਿਭਾਗ ਲਈ 2020 ਲੋਕ ਪੱਖੀ ਪਹਿਲਕਦਮੀਆਂ ਵਾਲਾ ਸਾਲ ਰਿਹਾ

  • ਕਈ ਡਿਜ਼ੀਟਲ ਸੇਵਾਵਾਂ ਦੀ ਕੀਤੀ ਸ਼ੁਰੂਆਤ, ਲੋਕਾਂ ਨੂੰ ਖੱਜਲ-ਖੁਆਰੀ ਤੋਂ ਰਾਹਤ

ਚੰਡੀਗੜ੍ਹ, 29 ਦਸੰਬਰ 2020 – ਸਾਲ 2020 ਦੌਰਾਨ ਕੋਵਿਡ ਦੇ ਮਾੜੇ ਦੌਰ ਦੇ ਬਾਵਜੂਦ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਕਈ ਅਜਿਹੀਆਂ ਪਹਿਲਕਦਮੀਆਂ ਕੀਤੀਆਂ ਹਨ ਜਿਸ ਨਾਲ ਆਮ ਲੋਕਾਂ ਨੂੰ ਵਿਭਾਗ ਦੀਆਂ ਸੇਵਾਵਾਂ ਲੈਣ ਲਈ ਹੁਣ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਬਹੁਤ ਸਾਰੀਆਂ ਸੇਵਾਵਾਂ ਨੂੰ ਡਿਜੀਟਲ ਕਰ ਦਿੱਤਾ ਗਿਆ ਹੈ ਅਤੇ ਇਹ ਸੇਵਾਵਾਂ ਆਸਾਨੀ ਨਾਲ ਆਨ ਲਾਈਨ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਪੰਜਾਬ ਵਾਸੀ ਜਿੱਥੇ ਹੁਣ ਡਿਜ਼ੀਟਲ ਡਰਾਈਵਿੰਗ ਲਾਇਸੰਸ ਬਣਾਉਣ ਲਈ ਘਰ ਬੈਠੇ ਹੀ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ ਉੱਥੇ ਹੀ ਨਿੱਜੀ ਵਾਹਨਾਂ ਦੀ ਟਰਾਂਸਫਰ ਲਈ ਐਨ.ਓ.ਸੀ. ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਗਿਆ ਹੈ। ਫ਼ੈਂਸੀ ਨੰਬਰ ਲੈਣ ਵਾਲਿਆਂ ਲਈ ਵੀ ਪੰਜਾਬ ਦੇ ਟਰਾਂਸਪੋਰਟ ਵਿਭਾਗ ਵਲੋਂ ਈ-ਨਿਲਾਮੀ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਹੈ।

ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿਚ ਹੁਣ ਡਿਜ਼ੀਟਲ ਡਰਾਈਵਿੰਗ ਲਾਇਸੰਸ ਬਣਾਏ ਜਾ ਰਹੇ ਹਨ ਅਤੇ ਜਿਨ੍ਹਾਂ ਲੋਕਾਂ ਦੇ ਡਰਾਈਵਿੰਗ ਲਾਇਸੰਸ ਪੁਰਾਣੇ ਤਰੀਕੇ ਨਾਲ (ਮੈਨੂਅਲ ਡਰਾਈਵਿੰਗ ਲਾਇਸੰਸ) ਬਣੇ ਹੋਏ ਹਨ, ਉਹ ਵੀ ਆਪਣੇ ਡਰਾਈਵਿੰਗ ਲਾਇਸੰਸ ਅੱਪਗ੍ਰੇਡ ਕਰਾ ਕੇ ਡਿਜ਼ੀਟਲ ਡਰਾਈਵਿੰਗ ਲਾਇਸੰਸ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਲਾਇਸੰਸ ਪ੍ਰਾਪਤ ਕਰਨ ਲਈ ਸਬੰਧਤ ਰਜਿਸਟਰਿੰਗ ਅਥਾਰਟੀ ਦਫ਼ਤਰ ਜਾਣਾ ਪੈਂਦਾ ਸੀ ਅਤੇ ਬਿਨੈਕਾਰ ਨੂੰ ਬਿਨੈਪੱਤਰ ਅਤੇ ਦਸਤਾਵੇਜਾਂ ਨਾਲ ਕਈ ਵਾਰ ਦਫ਼ਤਰਾਂ ਵਿਚ ਗੇੜੇ ਮਾਰਨੇ ਪੈਂਦੇ ਸਨ। ਇਸ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਪੇਸ਼ ਆਉਂਦੀਆਂ ਸਨ ਅਤੇ ਕਈ ਵਾਰੀ ਉਨ੍ਹਾਂ ਦਾ ਵਿੱਤੀ ਸ਼ੋਸ਼ਣ ਵੀ ਹੁੰਦਾ ਸੀ। ਹੁਣ ਵੈੱਬਸਾਈਟ www.punjabtransport.org ਰਾਹੀਂ ਆਨਲਾਈਨ ਡਰਾਈਵਿੰਗ ਲਾਇਸੰਸ ਬਣਵਾਇਆ ਜਾ ਸਕਦਾ ਹੈ।

ਇਸੇ ਤਰ੍ਹਾਂ ਰਿਜ਼ਰਵਡ ਨੰਬਰਾਂ (ਫ਼ੈਂਸੀ ਨੰਬਰ) ਲਈ ਇਕ ਉਪਭੋਗਤਾ ਪੱਖੀ ਈ-ਆਕਸ਼ਨ ਨੀਤੀ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਆਮ ਲੋਕਾਂ ਨੂੰ ਰਜਿਸਟਰਿੰਗ ਅਥਾਰਟੀ ਦੇ ਦਫ਼ਤਰ ਜਾਣ ਤੋਂ ਛੋਟ ਮਿਲੇਗੀ ਅਤੇ ਉਹ ਆਪਣੇ ਘਰ ਬੈਠੇ ਹੀ ਫੈਂਸੀ ਨੰਬਰ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰਾਖਵੇਂ ਨੰਬਰਾਂ (ਫ਼ੈਂਸੀ ਨੰਬਰਾਂ) ਦੀ ਈ-ਆਕਸ਼ਨ ਵੈਬ ਐਪਲੀਕੇਸ਼ਨ ‘ਵਾਹਨ 4.0’ ਰਾਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਹਰੇਕ ਰਾਖਵੇਂ ਨੰਬਰ ਲਈ 1000 ਰੁਪਏ ਦੀ ਨਾ-ਮੋੜਣਯੋਗ ਰਜਿਸਟ੍ਰੇਸ਼ਨ ਫੀਸ ਰੱਖੀ ਗਈ ਹੈ ਅਤੇ ਬੋਲੀ ਪ੍ਰਕਿਰਿਆ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ, ਸਫਲ ਅਤੇ ਅਸਫਲ ਬੋਲੀਕਾਰਾਂ ਦੇ ਨਤੀਜੇ ‘ਵਾਹਨ 4.0’ ਦੀ ਵੈਬਸਾਈਟ ‘ਤੇ ਅਪਲੋਡ ਕੀਤੇ ਜਾਂਦੇ ਹਨ ਅਤੇ ਸਫ਼ਲ ਬੋਲੀਕਾਰਾਂ ਨੂੰ ਐਸ.ਐਮ.ਐਸ. ਅਤੇ ਈਮੇਲ ਰਾਹੀਂ ਸੂਚਿਤ ਵੀ ਕੀਤਾ ਜਾਂਦਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਕ ਹੋਰ ਲੋਕ ਪੱਖੀ ਫੈਸਲੇ ਅਨੁਸਾਰ ਗੈਰ-ਟਰਾਂਸਪੋਰਟ ਵਾਹਨਾਂ ਦੀ ਟਰਾਂਸਫਰ ਲਈ ਐਨ.ਓ.ਸੀ. ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਗਿਆ ਹੈ। ਵਾਹਨ ਦੀ ਵਿਕਰੀ ਆਦਿ ਮੌਕੇ ਪੰਜਾਬ ਵਿਚ ਰਜਿਸਟਰਡ ਕਿਸੇ ਵੀ ਨਿੱਜੀ ਵਾਹਨ ਦੀ ਸੂਬੇ ਵਿਚਲੀ ਹੀ ਕਿਸੇ ਹੋਰ ਰਜਿਸਟਰਿੰਗ ਅਥਾਰਟੀ ਕੋਲ ਟਰਾਂਸਫਰ ਮੌਕੇ ਹੁਣ ਦਰਖਾਸਤਕਰਤਾ ਨੂੰ ਅਸਲ ਰਜਿਸਟਰਿੰਗ ਅਥਾਰਟੀ ਕੋਲ ਐਨ.ਓ.ਸੀ ਲੈਣ ਲਈ ਜਾਣ ਦੀ ਜ਼ਰੂਰਤ ਨਹੀਂ ਹੈ। ਹੁਣ ਸਾਰੀ ਪ੍ਰਕਿਰਿਆ ਇੱਕ ਆਨਲਾਈਨ ਪ੍ਰਣਾਲੀ ‘ਵਾਹਨ 4.0’ ਰਾਹੀਂ ਕੀਤੀ ਜਾ ਰਹੀ ਹੈ ਅਤੇ ਵਾਹਨਾਂ ਨਾਲ ਜੁੜੀ ਸਾਰੀ ਜਾਣਕਾਰੀ ਜਿਵੇਂ ਟੈਕਸ, ਫੀਸ ਅਤੇ ਫਿੱਟਨੈਸ ਆਦਿ ਰਜਿਸਟਰਿੰਗ ਅਥਾਰਟੀ ਕੋਲ ਉਪਲੱਬਧ ਹੁੰਦੀ ਹੈ। ਇਸ ਲਈ ਹੁਣ ਪੰਜਾਬ ਵਿਚ ਰਜਿਸਟਰਡ ਗੈਰ-ਟਰਾਂਸਪੋਰਟ (ਨਿੱਜੀ) ਵਾਹਨਾਂ ਦੇ ਤਬਾਦਲੇ ਲਈ ਵਾਹਨ ਮਾਲਕਾਂ ਨੂੰ ਐਨ.ਓ.ਸੀ. ਲੈਣ ਲਈ ਸਬੰਧਤ ਦਫਤਰ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ।

ਇਕ ਹੋਰ ਪਾਰਦਰਸ਼ੀ ਕਦਮ ਚੁੱਕਦਿਆਂ ਟਰਾਂਸਪੋਰਟ ਵਿਭਾਗ ਨੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਸਾਰੇ ਡਿਪੂਆਂ ‘ਚ ਪੁਰਾਣੀਆਂ ਅਤੇ ਕੰਡਮ ਬੱਸਾਂ ਦੀ ਵਿਕਰੀ ਈ-ਆਕਸ਼ਨ ਰਾਹੀਂ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੀ ਸ਼ੁਰੂਆਤ ਅੰਮਿ੍ਰਤਸਰ-2 ਅਤੇ ਫਿਰੋਜ਼ਪੁਰ ਡਿਪੂਆਂ ਤੋਂ ਕੀਤੀ ਗਈ ਹੈ। ਉੱਚ ਸੁਰੱਖਿਅਤ ਰਜਿਸਟਰੇਸ਼ਨ ਪਲੇਟਾਂ ਨੂੰ ਲਾਉਣ ਦੀ ਪ੍ਰਕਿਰਿਆ ਵੀ ਸਾਲ 2020 ਦੌਰਾਨ ਜਾਰੀ ਰਹੀ ਹੈ। ਆਪਣੇ ਵਾਹਨਾਂ ‘ਤੇ ਇਹ ਨੰਬਰ ਪਲੇਟਾਂ ਲਗਵਾਉਣ ਲਈ ਵਾਹਨ ਮਾਲਕ ਘਰ ਬੈਠੇ ਹੀ ਵੈੱਬਸਾਈਟ www.punjabhsrp.in ਤੋਂ ਆਨਲਾਈਨ ਬੁਕਿੰਗ ਕਰਵਾ ਸਕਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਰਨਾਟਕ ਵਿਧਾਨ ਪ੍ਰੀਸ਼ਦ ਦੇ ਡਿਪਟੀ ਸਪੀਕਰ ਦੀ ਮਿਲੀ ਲਾਸ਼, ਪੁਲਿਸ ਜਾਂਚ ‘ਚ ਜੁਟੀ

30 ਦੀ ਥਾਂ ਹੁਣ 31 ਦਸੰਬਰ ਹੋਵੇਗਾ ਸਿੰਘੂ ਬਾਰਡਰ ਤੋਂ ਕਿਸਾਨਾਂ ਦਾ ਟਰੈਕਟਰ ਮਾਰਚ