ਚੰਡੀਗੜ੍ਹ, 17 ਦਸੰਬਰ 2022 – ਪਿੰਡ ਬਚਾਓ ਪੰਜਾਬ ਬਚਾਓ ਵੱਲੋਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਹਾਲ ਅੰਦਰ ਸੂਬਿਆਂ ਦੀ ਖੁਦਮੁਖਤਿਆਰ ਅਤੇ ਸਾਡਾ ਵਿਕਾਸ ਮਾਡਲ ਵਿਸ਼ੇ ਤੇ ਵਿਚਾਰ ਸਮਾਗਮ ਕੀਤਾ ਗਿਆ। ਜਿਸ ਵਿੱਚ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਗਾਤਾਰ ਕੇਂਦਰੀਕਰਨ ਦੀ ਨੀਤੀ ਤਹਿਤ ਰਾਜਾਂ ਦੇ ਖੋਹੇ ਜਾ ਰਹੇ ਅਧਿਕਾਰਾਂ ਸਬੰਧੀ ਗੰਭੀਰ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਕਰਨੈਲ ਸਿੰਘ ਜਖੇਪਲ ਨੇ ਆਏ ਹੋਏ ਮਹਿਮਾਨਾਂ ਨੂੰ ਸਵਾਗਤੀ ਸ਼ਬਦ ਕਹੇ। ਡਾ ਖੁਸ਼ਹਾਲ ਸਿੰਘ ਨੇ ਸਟੇਜ਼ ਦੀ ਸੇਵਾ ਸੰਭਾਲੀ।
ਡਾ. ਪਿਆਰੇ ਲਾਲ ਗਰਗ ਨੇ ਵਿਚਾਰ ਸਮਾਗਮ ਦਾ ਕੂੰਜੀਵਤ ਭਾਸ਼ਣ ਕਰਦਿਆਂ ਸੂਬਿਆਂ ਦੀ ਖੁਦਮੁਖਤਿਆਰੀ ਬਾਰੇ ਕਿਹਾ ਕਿ ਪਹਿਲਾ ਸੂਬਿਆਂ ਦੇ ਖੁਸ ਚੁੱਕੇ ਅਧਿਕਾਰ ਨੂੰ ਬਹਾਲ ਕਰਨ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਸੋਸਲਿਸਟ ਪਾਰਟੀ ਦੇ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਪੰਚਾਇਤੀ ਰਾਜ ਐਕਟ ਨੂੰ ਅਮਲੀ ਤੌਰ ਤੇ ਲਾਗੂ ਕਰਨ ਬਾਰੇ ਵਿਚਾਰ ਪੇਸ਼ ਕੀਤੇ। ਮਨਪ੍ਰੀਤ ਕੌਰ ਨੇ ਮਨਰੇਗਾ ਅਤੇ ਮਿਡ-ਡੇ-ਮਿਲ ਲਾਂਗਰੀ ਬੀਬੀਆਂ ਦੇ ਮਸਲਿਆਂ ਬਾਰੇ ਮਸਲਾ ਵਿਚਾਰਿਆਂ। ਤਰਸੇਮ ਜੋਧਾਂ ਨੇ ਮਨਰੇਗਾ ਮਜ਼ਦੂਰਾਂ ਨਾਲ ਕੀਤੀਆਂ ਜਾ ਵਧੀਕੀਆਂ ਬਾਰੇ ਜਾਣਕਾਰੀ ਦਿੱਤੀ। ਅਬਦੁਲ ਸਕੂਰ ਮਲੇਰਕੋਟਲਾ ਨੇ ਭਾਰਤ ਵਿੱਚ ਘੱਟ ਗਿਣਤੀ ਕੌਮਾ ਨਾਲ ਕੀਤੀਆਂ ਜਾ ਰਹੀਆ ਵਧੀਕੀਆਂ ਦਾ ਵਰਨਣ ਕੀਤਾ।
ਬਲਵੰਤ ਸਿੰਘ ਖੇੜਾ ਜੀ ਨੇ ਲੋਕਤੰਤਰ ਦੀ ਬਹਾਲੀ ਲਈ ਰਾਜਾਂ ਦੇ ਵਧੇਰੇ ਅਧਿਕਾਰ ਦੀ ਬਹਾਲੀ ਨੂੰ ਜ਼ਰੂਰੀ ਕਰਾਰ ਦਿੱਤਾ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਰਾਜਾਂ ਦੀ ਖੁਦਮੁਖਤਿਆਰੀ ਦੇ ਖਾਤਮੇ ਦੇ ਵਰਤਾਰੇ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੱਤੀ। ਡਾ. ਸਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਕੇਂਦਰੀਕਰਨ ਦੀ ਨੀਤੀ ਤਹਿਤ ਰਾਜਾਂ ਦੇ ਅਧਿਕਾਰ ਖੋਹਣ ਦੇ ਰਾਹ ਪਈ ਹੋਈ ਹੈ ਜੰਮੂ ਕਸ਼ਮੀਰ ਰਾਜ ਅੰਦਰ ਧਾਰਾ 370 ਅਤੇ 35 ਏ ਨੂੰ ਖਤਮ ਕਰਨ, ਨਾਗਰਿਕਤਾ ਸੋਧ ਕਾਨੂੰਨ ਬਣਾਉਣ, ਜੀ ਐਸ ਟੀ ਰਾਹੀਂ ਟੈਕਸਾਂ ਤੇ ਏਕਾ ਅਧਿਕਾਰ ਬਣਾਉਣ, ਐਨ ਆਈ ਏ ਰਾਹੀਂ ਰਾਜਾਂ ਅੰਦਰ ਸਿੱਧੀ ਦਖਲਅੰਦਾਜ਼ੀ ਰਾਹੀਂ ਸੂਬਿਆਂ ਦੇ ਅਧਿਕਾਰ ਖਤਮ ਕੀਤੇ ਜਾ ਰਹੇ ਹਨ। ਵਿਰੋਧੀ ਪਾਰਟੀਆਂ ਮੋਦੀ ਸਰਕਾਰ ਦੇ ਅਜਿਹੇ ਫੈਸਲਿਆਂ ਨੂੰ ਰੋਕਣ ਅੰਦਰ ਅਸਫਲ ਰਹੀਆਂ ਹਨ। ਇਹਨਾਂ ਹਾਲਾਤਾਂ ਅੰਦਰ ਫੈਡਰਲਿਜਮ ਅਤੇ ਕਾਰਪੋਰੇਟ ਵਿਕਾਸ ਮਾਡਲ ਨੂੰ ਚੁਣੌਤੀ ਦੇਣ ਦੇ ਏਜੰਡੇ ਤੇ ਸਾਝਾਂ ਵਿਸਾਲ ਏਕਾ ਉਸਾਰਨ ਦੀ ਜਰੂਰਤ ਹੈ।
ਗੁਰਮੇਲ ਸਿੰਘ ਬਾੜਾ ਨੇ ਕਿਹਾ ਕਿ ਕਾਰਪੋਰੇਟ ਵਿਕਾਸ ਮਾਡਲ ਨੇ ਦੁਨੀਆਂ ਅੰਦਰ ਆਰਥਿਕ ਨਾ ਬਰਾਬਰੀ ਅਤੇ ਬੇਇਨਸਾਫੀ ਵਾਲਾ ਐਸਾ ਮਾਹੌਲ ਸਿਰਜ ਦਿੱਤਾ ਹੈ ਜੋ ਵਾਤਾਵਰਣ ਵਿਰੋਧੀ ਤੇ ਸਮਾਜਿਕ ਬੇਇਨਸਾਫੀ ਵਾਲਾ ਹੈ ਉਹ ਸਿਰਫ ਵੱਧ ਤੋਂ ਵੱਧ ਮੁਨਾਫਾ ਕਮਾਉਣ ਵਾਲਾ ਪਰਬੰਧ ਬਣ ਗਿਆ ਹੈ। ਮਹਿੰਗਾਈ, ਬੇਰੁਜਗਾਰੀ ਤੇ ਅਮੀਰੀ ਗਰੀਬੀ ਦਾ ਪਾੜਾ ਲਗਾਤਾਰ ਵਧ ਰਿਹਾ ਹੈ। ਸਮਾਜਿਕ ਸੁਰੱਖਿਆ ਅਤੇ ਨਿਆਂ ਲਗਾਤਾਰ ਖਤਮ ਹੋ ਰਿਹਾ ਹੈ। ਉਹਨਾਂ ਕੇਂਦਰ ਸਰਕਾਰ ਵਲੋਂ ਹਰ ਖੇਤਰ ਅੰਦਰ ਤਾਕਤਾਂ ਦੇ ਕੀਤੇ ਜਾ ਰਹੇ ਕੇਂਦਰੀਕਰਨ ਤੇ ਸੂਬਿਆਂ ਦੇ ਅਧਿਕਾਰਾਂ ਨੂੰ ਖੋਹੇ ਜਾਣ ਦਾ ਸਖਤ ਵਿਰੋਧ ਕੀਤਾ ਅਤੇ ਲੋਕਾਂ ਨੂੰ ਕੇਦਰ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਖਿਲਾਫ ਜਦੋਜਹਿਦ ਕਰਨ ਦਾ ਸੱਦਾ ਦਿੱਤਾ । ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਧੰਨਵਾਦੀ ਭਾਸ਼ਣ ਦਿੱਤਾ।
ਇਸ ਸਮੇਂ ਤਾਰਾ ਸਿੰਘ ਫੱਗੂਵਾਲਾ, ਦਰਸ਼ਨ ਸਿੰਘ ਧਨੇਠਾ, ਫਲਜੀਤ ਸਿੰਘ, ਤਰਲੋਚਨ ਸਿੰਘ, ਇੰਦਰ ਸਿੰਘ, ਮੈਡਮ ਪੰਮੀ ਸਿੱਧੂ, ਹਰਭਜਨ ਕੌਰ ਜੌਲੀਆ, ਗੁਰਮੀਤ ਸਿੰਘ ਥੂਹੀ, ਹੰਸ ਰਾਜ ਭਵਾਨੀਗੜ੍ਹ, ਰਾਜ ਕੁਮਾਰ ਕਨਸੂਹਾ, ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਰਾਜਵਿੰਦਰ ਸਿੰਘ ਰਾਹੀ ਆਦਿ ਸ਼ਾਮਿਲ ਹੋਏ।