ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਹੋਇਆ ਸਖ਼ਤ: ਚਲਾਨ ਕੱਟ ਕੇ ਕੀਤੀ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ

  • ਪਰਾਲੀ ਜਲਾਉਣ ਕਰਕੇ ਬੁੱਟਰ ਦੇ ਕਿਸਾਨਾਂ ਉੱਪਰ ਕਾਰਵਾਈ,

ਮੋਗਾ 18 ਅਕਤੂਬਰ 2024 – ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਹਵਾ (ਰੋਕਥਾਮ ਅਤੇ ਕੰਟਰੋਲ ਆਫ ਪ੍ਰਦੂਸ਼ਣ) ਐਕਟ, 1981 ਦੀ ਧਾਰਾ 19 (5) ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹੇ ਵਿੱਚ ਫਸਲਾਂ ਦੀ ਨਾੜ/ਰਹਿੰਦ-ਖੂੰਹਦ ਨੂੰ ਅੱਗ ਲਗਾਏ ਜਾਣ ਦੀ ਮਨਾਹੀ ਕੀਤੀ ਗਈ ਹੈ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਨ ਹਿੱਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਪੰਜਾਬ ਸਰਕਾਰ ਪਾਸੋਂ ਪ੍ਰਾਪਤ ਹੋਈਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਫਸਲਾਂ ਦੀ ਨਾੜ/ਰਹਿੰਦ-ਖੂੰਹਦ ਨੂੰ ਅੱਗ ਲਗਾਏ ਜਾਣ ਤੋਂ ਰੋਕਣ ਅਤੇ ਇਸਨੂੰ ਅੱਗ ਲਗਾਏ ਜਾਣ ਦੀ ਸੂਰਤ ਵਿੱਚ ਕਾਰਵਾਈ ਕਰਨ ਲਈ ਨੋਡਲ ਅਫਸਰ ਅਤੇ ਕਲਸਟਰ ਅਫਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਕਿ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। 334 ਨੋਡਲ ਅਫਸਰ 22 ਕਲੱਸਟਰ ਅਫਸਰਾਂ ਦੀਆਂ ਟੀਮਾਂ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਉਪਰ ਬਾਜ ਅੱਖ ਰੱਖ ਰਹੀਆਂ ਹਨ।

ਜਾਣਕਾਰੀ ਦਿੰਦਿਆਂ ਐਸ ਡੀ ਐਮ ਮੋਗਾ ਸ੍ਰ ਸਾਰੰਗਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਸਬ ਡਵੀਜਨ ਮੋਗਾ ਵਿੱਚ ਪੈਂਦੇ ਪਿੰਡ ਬੁੱਟਰ ਪੱਤੀ ਭੁੱਲਰ ਵਿੱਚ ਕੁੱਝ ਕਿਸਾਨਾਂ ਦੁਆਰਾ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਈ ਗਈ ਸੀ ਅਤੇ ਸਰਕਾਰ ਦੁਆਰਾ ਬਣਾਏ ਗਏ ਪਰਾਲੀ ਨਾ ਸਾੜਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ, ਜਿਸ ਤਹਿਤ ਪ੍ਰਸ਼ਾਸ਼ਨ ਵੱਲੋਂ ਬਣਾਈਆਂ ਟੀਮਾਂ ਦੁਆਰਾ ਸਬੰਧਤ ਕਿਸਾਨਾਂ ਦੇ ਮੌਕੇ ਉੱਪਰ ਚਲਾਨ ਕੱਟ ਕੇ ਬਣਦਾ ਜੁਰਮਾਨਾ ਪਾਇਆ ਗਿਆ, ਪੁਲਿਸ ਕਾਰਵਾਈ ਕਰਨ ਲਈ ਸੀਨੀਅਰ ਕਪਤਾਨ ਪੁਲਿਸ ਮੋਗਾ ਨੂੰ ਲਿਖਿਆ ਗਿਆ ਅਤੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਵੀ ਕੀਤੀ ਗਈ।

ਉਹਨਾਂ ਦੱਸਿਆ ਕਿ ਜੇਕਰ ਕਿਸੇ ਕਿਸਾਨ ਵੱਲੋਂ ਆਪਣੇ ਖੇਤਾ ਵਿੱਚ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਪ੍ਰਸ਼ਾਸ਼ਨ ਵੱਲੋਂ ਭਵਿੱਖ ਵਿੱਚ ਵੀ ਇਸੇ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐਸ ਡੀ ਐਮ ਨੇ ਕਿਸਾਨਾਂ ਨੂੰ ਦੱਸਿਆ ਕਿ ਕਿਸਾਨ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ।

ਉਹਨਾਂ ਕਲੱਸਟਰ ਅਤੇ ਨੋਡਲ ਅਫਸਰਾਂ ਦੀਆਂ ਟੀਮਾਂ ਦੀ ਕਾਰਜਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਲਗਾਏ ਜਾਣ ਦੀ ਸੂਚਨਾ ਮਿਲਣ ਤੇ ਸਬੰਧਤ ਨੋਡਲ ਅਫਸਰ ਵੱਲੋਂ ਮੌਕੇ ਦਾ ਮੁਆਇਨਾ ਕਰਨ ਉਪਰੰਤ ਜਗ੍ਹਾ ਦੀ ਰਿਪੋਰਟ/ਫੋਟੋ ਸਬੰਧਤ ਪਟਵਾਰੀ ਨੂੰ ਮੋਬਾਈਲ ਐਪਲੀਕੇਸ਼ਨ ਰਾਹੀਂ ਭੇਜੀ ਜਾਵੇਗੀ, ਇਸ ਉਪਰੰਤ ਪਟਵਾਰੀ ਵੱਲੋਂ ਜਮੀਨ ਦੇ ਰਿਕਾਰਡ ਸਬੰਧੀ ਸਾਰੀ ਜਾਣਕਾਰੀ ਮੋਬਾਈਲ ਐਪਲੀਕੇਸ਼ਨ ਤੇ ਅਪਲੋਡ ਕਰਨ ਉਪਰੰਤ ਕਲੱਸਟਰ ਅਫਸਰ ਨੂੰ ਭੇਜੀ ਜਾਵੇਗੀ। ਰਿਪੋਰਟ ਪ੍ਰਾਪਤ ਹੋਣ ਉਪਰੰਤ ਸਬੰਧਤ ਤਹਿਸੀਲਦਾਰ ਦੇ ਦਫਤਰ ਵੱਲੋਂ ਅੱਗ ਲਗਾਉਣ ਵਾਲੀ ਜਗ੍ਹਾ ਦੇ ਮਾਲਕ ਦਾ ਚਲਾਨ ਕੱਟਣ ਉਪਰੰਤ ਸਾਰੀ ਜਾਣਕਾਰੀ ਮੋਬਾਈਲ ਐਪਲੀਕੇਸ਼ਨ ਤੇ ਅਪਲੋਡ ਕੀਤੀ ਜਾਵੇਗੀ ਤਾਂ ਜੋ ਸਾਰੀ ਰਿਪਰੋਟ ਸਬੰਧਤ ਉਪ ਮੰਡਲ ਅਫਸਰ ਨੂੰ ਬੀ.ਐਨ.ਐਸ.ਐਸ. ਦੀ ਧਾਰਾ 233 ਅਧੀਨ ਕਾਰਵਾਈ ਕਰਨ ਹਿੱਤ ਭੇਜੀ ਜਾ ਸਕੇ। ਉਪ ਮੰਡਲ ਵਿੱਚ ਤਾਇਨਾਤ ਉਪ ਕਪਤਾਨ ਪੁਲਿਸ, ਉਪ ਮੰਡਲ ਮੈਜਿਸਟ੍ਰੇਟ ਨਾਲ ਤਾਲਮੇਲ ਕਰਕੇ ਪੁਲਿਸ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਅਮਲ ਵਿੱਚ ਲਿਆ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੇਂਦਰ ਸਰਕਾਰ ਵੱਲੋਂ ਸਮੇਂ ਸਿਰ ਚਾਵਲ ਅਤੇ ਕਣਕ ਦਾ ਭੰਡਾਰ ਜਲਦੀ ਚੁੱਕੇ, ਗੋਦਾਮ ਕਰੇ ਖਾਲੀ: ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਬੰਪਰ ਆਮਦ ਸ਼ੁਰੂ – ਬਰਸਟ

ਅਮਰੀਕੀ ਨਿਆਂ ਵਿਭਾਗ ਦਾ ਦਾਅਵਾ, ਸਿੱਖ ਵੱਖਵਾਦੀ ਨੂੰ ਮਾਰਨ ਦੀ ਸਾਜ਼ਿਸ਼ ਰਾਅ ਅਧਿਕਾਰੀ ਨੇ ਰਚੀ