ਚੰਡੀਗੜ੍ਹ, 15.07.2025: ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਇੱਕ ਮੀਟਿੰਗ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ, ਡਿਪਟੀ ਕਮਿਸ਼ਨਰ, ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਐੱਸਐੱਸਪੀ (ਟ੍ਰੈਫਿਕ ਅਤੇ ਸੁਰੱਖਿਆ), ਐੱਸਡੀਐੱਮ, ਸਿਹਤ ਸੇਵਾਵਾਂ ਵਿਭਾਗ (ਡੀਐੱਚਐੱਸ), ਇੰਜੀਨੀਅਰਿੰਗ ਵਿਭਾਗ, ਮੁੱਖ ਆਰਕੀਟੈਕਟ ਦੇ ਦਫ਼ਤਰ, ਅਤੇ ਆਬਕਾਰੀ ਵਿਭਾਗ ਦੇ ਪ੍ਰਤੀਨਿਧੀ ਅਤੇ ਨਗਰ ਨਿਗਮ ਦੇ ਅਧਿਕਾਰੀ ਸ਼ਾਮਲ ਹੋਏ।
ਸੜਕ ਸੁਰੱਖਿਆ, ਟ੍ਰੈਫਿਕ ਮੈਨੇਜਮੈਂਟ ਅਤੇ ਜਨਤਕ ਸੁਵਿਧਾ ਨਾਲ ਸਬੰਧਿਤ ਮੁੱਖ ਮੁੱਦਿਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਨਿਮਨਲਿਖਤ ਨਿਰਦੇਸ਼ ਜਾਰੀ ਕੀਤੇ ਗਏ:
- ਲੈਪਟਨ ਸੌਫਟਵੇਅਰ ਦੁਆਰਾ ਗੂਗਲ ਮੈਪਸ ਨਾਲ ਸਾਂਝੇਦਾਰੀ ਵਿੱਚ ਕੀਤੇ ਜਾ ਰਹੇ ਸਪੀਡ ਲਿਮਟ ਮੈਪਿੰਗ ਪ੍ਰੋਜੈਕਟ ਵਿੱਚ ਵਿਸੰਗਤੀਆਂ: ਮੀਟਿੰਗ ਵਿੱਚ ਇਹ ਦੱਸਿਆ ਗਿਆ ਕਿ ਲੈਪਟਨ ਸੌਫਟਵੇਅਰ ਦੁਆਰਾ ਗੂਗਲ ਮੈਪਸ ਨਾਲ ਸਾਂਝੇਦਾਰੀ ਵਿੱਚ ਸਪੀਡ ਲਿਮਟ ਮੈਪਿੰਗ ਪ੍ਰੋਜੈਕਟ ਦੇ ਸਬੰਧ ਵਿੱਚ ਇੱਕ ਸਮੀਖਿਆ ਕੀਤੀ ਗਈ ਸੀ, ਜਿਸ ਦਾ ਉਦੇਸ਼ ਡਿਜੀਟਲ ਨੈਵੀਗੇਸ਼ਨ ਪਲੈਟਫਾਰਮਾਂ ‘ਤੇ ਚੰਡੀਗੜ੍ਹ ਦੀਆਂ ਸੜਕਾਂ ‘ਤੇ ਸਹੀ ਅਧਿਕਾਰਿਤ ਗਤੀ ਸੀਮਾਵਾਂ ਪ੍ਰਦਰਸ਼ਿਤ ਕਰਨਾ ਸੀ। ਪ੍ਰੋਜੈਕਟ ਦੇ ਹਿੱਸੇ ਵਜੋਂ ਕੀਤੇ ਗਏ ਡੇਟਾ ਤਸਦੀਕ ਅਭਿਆਸ ਦੌਰਾਨ, ਇਹ ਦੇਖਿਆ ਗਿਆ ਕਿ ਅਧਿਕਾਰਿਤ ਤੌਰ ‘ਤੇ ਸੂਚਿਤ ਗਤੀ ਸੀਮਾਵਾਂ ਅਤੇ ਵੱਖ-ਵੱਖ ਸੜਕਾਂ ‘ਤੇ ਮੌਜੂਦਾ ਸਮੇਂ ਵਿੱਚ ਪ੍ਰਦਰਸ਼ਿਤ ਗਤੀ ਸੰਕੇਤਾਂ ਵਿਚਕਾਰ ਕਈ ਵਿਸੰਗਤੀਆਂ ਹਨ। ਸਰਵੇਖਣ ਤੋਂ ਪਤਾ ਲਗਿਆ ਹੈ ਕਿ ਮੁੱਲਾਂਕਣ ਕੀਤੇ ਗਏ 1131 ਸੜਕ ਲਿੰਕਾਂ ਵਿੱਚੋਂ, 637 ਸਥਾਨਾਂ ‘ਤੇ ਜ਼ਮੀਨੀ ਸਾਇਨਬੋਰਡਾਂ ਅਤੇ ਅਧਿਕਾਰਿਤ ਗਤੀ ਡੇਟਾ ਵਿਸੰਗਤੀਆਂ ਹਨ। ਇਸ ਤੋਂ ਇਲਾਵਾ, 178 ਸਥਾਨਾਂ ‘ਤੇ ਕੋਈ ਵੀ ਸਪੀਡ ਸੰਕੇਤ ਨਹੀਂ ਸਨ, ਅਤੇ 175 ਸਥਾਨਾਂ ‘ਤੇ ਖਾਸ ਤੌਰ ‘ਤੇ ਦੋਪਹੀਆ ਵਾਹਨਾਂ ਲਈ ਸਪੀਡ ਬੋਰਡਾਂ ਦੀ ਘਾਟ ਸੀ। ਇਨ੍ਹਾਂ ਵਿਸੰਗਤੀਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਡਿਪਟੀ ਕਮਿਸ਼ਨਰ, ਚੰਡੀਗੜ੍ਹ ਨੇ ਇੰਜੀਨੀਅਰਿੰਗ ਵਿਭਾਗ, ਪੁਲਿਸ (ਟ੍ਰੈਫਿਕ ਵਿੰਗ) ਅਤੇ ਹੋਰ ਸਬੰਧਿਤ ਨਾਗਰਿਕ ਏਜੰਸੀਆਂ ਸਹਿਤ ਸਾਰੇ ਸਬੰਧਿਤ ਵਿਭਾਗਾਂ ਨੂੰ ਗਲਤ ਢੰਗ ਨਾਲ ਪ੍ਰਦਰਸ਼ਿਤ ਸਪੀਡ ਸਾਇਨ ਬੋਰਡਾਂ ਨੂੰ ਸੁਧਾਰਨ ਲਈ ਤੁਰੰਤ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਹੀ ਸਪੀਡ ਸੀਮਾ ਸਾਇਨ ਬੋਰਡ ਨਾ ਸਿਰਫ਼ ਯਾਤਰੀਆਂ ਦੀ ਸੁਰੱਖਿਆ ਲਈ ਬਲਕਿ ਲਾਗੂਕਰਨ ਏਜੰਸੀਆਂ ਦੁਆਰਾ ਸਪੀਡ ਨਿਯਮਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਵੀ ਮਹੱਤਵਪੂਰਨ ਹਨ। ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਜ਼ਰੂਰੀ ਸੁਧਾਰ ਸਮਾਂਬੱਧ ਢੰਗ ਨਾਲ ਕੀਤੇ ਜਾਣੇ ਚਾਹੀਦੇ ਹਨ ਤਾ ਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਜ਼ਮੀਨੀ ਸਾਇਨ ਬੋਰਡ ਅਧਿਕਾਰਿਤ ਤੌਰ ‘ਤੇ ਸੂਚਿਤ ਸਪੀਡ ਸੀਮਾਵਾਂ ਦੇ ਪੂਰੀ ਤਰ੍ਹਾਂ ਅਨੁਰੂਪ ਹਨ।
- ਸੈਕਟਰ 29/30 ਲਾਇਟ ਪੁਆਇੰਟ ‘ਤੇ ਕਬਜ਼ਾ ਅਤੇ ਗ਼ੈਰ-ਕਾਨੂੰਨੀ ਪਾਰਕਿੰਗ: ਸਬੰਧਿਤ ਵਿਭਾਗਾਂ ਦੇ ਨਾਲ ਐੱਸਡੀਐੱਮ (ਪੂਰਬ) ਦੁਆਰਾ ਇੱਕ ਸਾਂਝਾ ਸਰਵੇਖਣ ਕੀਤਾ ਜਾਣਾ ਹੈ। ਇੰਜੀਨੀਅਰਿੰਗ ਵਿਭਾਗ ਨੂੰ ਇੱਕ ਸਖ਼ਤ ਲਾਗੂ ਕਰਨ ਦੀ ਯੋਜਨਾ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਹੈ, ਜਿਸ ਵਿੱਚ ਇੱਕ ਸੀਮਾ ਦੀਵਾਰ ਦਾ ਨਿਰਮਾਣ ਅਤੇ ਅਣਅਧਿਕਾਰਿਤ ਵਾਹਨਾਂ ਦੇ ਪ੍ਰਵੇਸ਼ ਅਤੇ ਗ਼ੈਰ-ਕਾਨੂੰਨੀ ਪਾਰਕਿੰਗ ਨੂੰ ਰੋਕਣ ਲਈ ਲੋਹੇ ਦੀ ਰੇਲਿੰਗ ਲਗਾਉਣਾ ਸ਼ਾਮਲ ਹੈ।
- ਸੈਕਟਰ 9/10 ਜਨਵਰੀ ਮਾਰਗ ‘ਤੇ ਗਤੀ ਸ਼ਾਂਤ ਕਰਨ ਦੇ ਉਪਾਅ: ਜਨਤਕ ਸੁਰੱਖਿਆ ਨੂੰ ਵਧਾਉਣ ਲਈ, ਚੀਫ਼ ਇੰਜੀਨੀਅਰ ਯੂਟੀ ਨੂੰ ਇਸ ਵਿਅਸਤ ਮਾਰਗ ‘ਤੇ ਉਚਿਤ ਗਤੀ ਨਿਯੰਤਰਣ ਉਪਾਅ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ। ਇੰਜੀਨੀਅਰਿੰਗ ਵਿਭਾਗ ਨੂੰ ਵਾਹਨਾਂ ਦੀ ਗਤੀ ਨੂੰ ਪ੍ਰਭਾਵੀ ਢੰਗ ਨਾਲ ਘਟਾਉਣ ਲਈ 15 ਮਿਲੀਮੀਟਰ ਉੱਚੀਆਂ ਪੱਟੀਆਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਹ ਕੰਮ ਮੌਨਸੂਨ ਦੇ ਮੌਸਮ ਤੋਂ ਬਾਅਦ ਕਰਨ ਦਾ ਪ੍ਰਸਤਾਵ ਹੈ।
- ਨੋਵੋਟੇਲ ਹੋਟਲ, ਟ੍ਰਿਬਿਊਨ ਚੌਕ ਦੇ ਨੇੜੇ ਗ਼ੈਰ-ਕਾਨੂੰਨੀ ਟੈਕਸੀ ਸਟੈਂਡ: ਸੀਈ ਯੂਟੀ ਨੂੰ ਆਸ-ਪਾਸ ਚਲ ਰਹੇ ਗ਼ੈਰ-ਕਾਨੂੰਨੀ ਟੈਕਸੀ ਸੰਚਾਲਨਾਂ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਅਣਅਧਿਕਾਰਤ ਪ੍ਰਵੇਸ਼ ਨੂੰ ਰੋਕਣ ਲਈ ਕਰੈਸ਼ ਗਾਰਡ ਗ੍ਰਿੱਲਾਂ ਦੀ ਸਥਾਪਨਾ ਪਹਿਲਾਂ ਹੀ ਚਲ ਰਹੀ ਹੈ ਅਤੇ ਜੁਲਾਈ 2025 ਦੇ ਪਹਿਲੇ ਹਫ਼ਤੇ ਤੱਕ ਪੂਰੀ ਹੋਣ ਦੀ ਉਮੀਦ ਹੈ। ਟ੍ਰੈਫਿਕ ਪੁਲਿਸ ਨੂੰ ਇਸ ਮਾਮਲੇ ‘ਤੇ ਐਕਸ਼ਨ ਟੇਕਨ ਰਿਪੋਰਟ (ਏਟੀਆਰ) ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
- ਧਨਾਸ ਲਾਇਟ ਪੁਆਇੰਟ ‘ਤੇ ਸ਼ਰਾਬ ਦੇ ਠੇਕੇ ‘ਤੇ ਚਿੰਤਾ: ਡਿਪਟੀ ਕਮਿਸ਼ਨਰ ਨੇ ਧਨਾਸ ਲਾਇਟ ਪੁਆਇੰਟ ‘ਤੇ ਇੱਕ ਸ਼ਰਾਬ ਦੇ ਠੇਕੇ ਦੇ ਨਿਰੰਤਰ ਸੰਚਾਲਨ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਕਿਉਂਕਿ ਪਾਰਕਿੰਗ ਦੀ ਘਾਟ ਅਤੇ ਨਜ਼ਦੀਕ ਭੀੜ-ਭਾੜ ਵਾਲਾ ਚੌਰਾਹਾ ਸਥਿਤ ਹੈ। ਉਨ੍ਹਾਂ ਨੇ ਆਬਕਾਰੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਭਵਿੱਖ ਵਿੱਚ ਇਸ ਸਥਾਨ ਨੂੰ ਅਲਾਟ ਕਰਨ ਬਾਰੇ ਵਿਚਾਰ ਨਾ ਕਰਨ ਅਤੇ ਸਥਾਨ ਬਦਲਣ ਲਈ ਇੱਕ ਹੋਰ ਢੁਕਵੀਂ ਜਗ੍ਹਾ ਦੀ ਖੋਜ ਕਰਨ। ਇਹ ਵੀ ਨਿਰਦੇਸ਼ ਦਿੱਤਾ ਗਿਆ ਕਿ ਆਉਣ ਵਾਲੀ ਆਬਕਾਰੀ ਨਿਲਾਮੀ ਵਿੱਚ ਇਸ ਸਥਾਨ ਨੂੰ ਵਿਚਾਰ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਸੜਕ ਸੁਰੱਖਿਆ ਚੁਣੌਤੀਆਂ ਨੂੰ ਹੱਲ ਕਰਨ ਅਤੇ ਸੁਚਾਰੂ ਸ਼ਹਿਰੀ ਗਤੀਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਵਿਭਾਗਾਂ ਵਿੱਚ ਤਾਲਮੇਲ ਅਤੇ ਨਿਰੰਤਰ ਯਤਨਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਸਾਰੇ ਵਿਭਾਗਾਂ ਨੂੰ ਮੀਟਿੰਗ ਦੌਰਾਨ ਲਏ ਗਏ ਫ਼ੈਸਲਿਆਂ ਦੇ ਸਮੇਂ ਸਿਰ ਪਾਲਨ ਨੂੰ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ।

