ਮੋਗਾ, 24 ਮਾਰਚ 2023 – ਤਲਾਕਸ਼ੁਦਾ ਔਰਤ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ 48 ਘੰਟਿਆਂ ਵਿੱਚ ਦੋ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਔਰਤ ਦੇ ਪਿਛਲੇ 7 ਮਹੀਨਿਆਂ ਤੋਂ ਇਕ ਨੌਜਵਾਨ ਪ੍ਰੇਮ ਸੰਬੰਧ ਸਨ। ਨੌਜਵਾਨ ਦੀ ਪਤਨੀ ਘਰ ‘ਚ ਨਾ ਹੋਣ ਕਾਰਨ ਉਸ ਨੇ ਆਪਣੀ ਪ੍ਰੇਮਿਕਾ ਨੂੰ ਘਰ ਬੁਲਾ ਲਿਆ। ਜਿੱਥੇ ਸ਼ਰਾਬ ਪੀਂਦੇ ਹੋਏ ਦੋਵਾਂ ‘ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤਾਂ ਗੁੱਸੇ ‘ਚ ਆ ਕੇ ਪ੍ਰੇਮੀ ਨੇ ਮੂੰਹ ‘ਤੇ ਸਿਰਹਾਣਾ ਰੱਖ ਕੇ ਉਸ ਦਾ ਕਤਲ ਕਰ ਦਿੱਤਾ।
ਥਾਣਾ ਬਾਘਾਪੁਰਾਣਾ ਦੇ ਐੱਸਐੱਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਫੋਨ ਕਾਲ ਡਿਟੇਲ ਅਤੇ ਲੋਕੇਸ਼ਨ ਟਰੇਸ ਕਰਨ ‘ਤੇ ਪਤਾ ਲੱਗਾ ਕਿ ਮ੍ਰਿਤਕ ਕਰਮਜੀਤ ਕੌਰ ਦੇ ਪਿੰਡ ਕੋਰੇਵਾਲਾ ਵਾਸੀ ਪਰਉਪਕਾਰ ਸਿੰਘ ਸੋਨੀ ਨਾਲ 7 ਮਹੀਨਿਆਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। 20 ਮਾਰਚ ਨੂੰ ਕਰਮਜੀਤ ਕੌਰ ਸਕੂਟੀ ‘ਤੇ ਘਰੋਂ ਨਿਕਲੀ ਅਤੇ ਬੱਸ ਸਟੈਂਡ ‘ਤੇ ਸਕੂਟੀ ਖੜ੍ਹੀ ਕਰਕੇ ਆਪਣੇ ਪ੍ਰੇਮੀ ਪਰਉਪਕਾਰ ਸਿੰਘ ਨਾਲ ਕਾਰ ‘ਚ ਆਪਣੇ ਘਰ ਪਿੰਡ ਕੋਰੇ ਵਾਲਾ ਚਲੀ ਗਈ।
ਜਿੱਥੇ ਸ਼ਰਾਬ ਪੀ ਕੇ ਦੋਵਾਂ ਵਿਚਾਲੇ ਤਕਰਾਰ ਮਗਰੋਂ ਪਰਉਪਕਾਰ ਸਿੰਘ ਨੇ ਕਰਮਜੀਤ ਕੌਰ ਦੇ ਮੂੰਹ ’ਤੇ ਸਿਰਹਾਣਾ ਰੱਖ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਆਪਣੇ ਸਾਥੀ ਜਸਪਾਲ ਸਿੰਘ ਨਾਲ ਲਾਸ਼ ਨੂੰ ਕਾਰ ਵਿੱਚ ਸੁੱਟ ਕੇ ਪਿੰਡ ਜਮਾਲ ਵਾਲਾ ਦੀ ਲਿੰਕ ਸੜਕ ’ਤੇ ਕਣਕ ਦੇ ਖੇਤ ਵਿੱਚ ਸੁੱਟ ਕੇ ਫਰਾਰ ਹੋ ਗਏ। ਪੁਲੀਸ ਨੇ ਪਰੋਪਕਾਰ ਸਿੰਘ ਅਤੇ ਉਸ ਦੇ ਸਾਥੀ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕਰ ਰਹੀ ਹੈ।