ਫਿਰੋਜ਼ਪੁਰ, 31 ਜੁਲਾਈ 2025 – ਸਥਾਨਕ ਮੱਲਵਾਲਾ ਰੋਡ ‘ਤੇ ਸਥਿਤ ਗੁਰੂ ਹਰਗੋਬਿੰਦ ਕਲੀਨਿਕ ਦੇ ਇੱਕ ਡਾਕਟਰ ‘ਤੇ ਬੁੱਧਵਾਰ ਦੇਰ ਰਾਤ ਕੁਝ ਅਣਪਛਾਤੇ ਨਕਾਬਪੋਸ਼ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ। ਹਮਲੇ ‘ਚ ਡਾਕਟਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।
ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ ਦੀ ਗਿਣਤੀ ਤਿੰਨ ਤੋਂ ਚਾਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇੱਕ ਹੋਰ ਵਾਰਦਾਤ ਕੀਤੀ ਗਈ, ਪਹਿਲਾਂ ਅਣਪਛਾਤੇ ਨਕਾਬਪੋਸ਼ ਹਮਲਾਵਰਾਂ ਨੇ ਪਿਸਤੌਲ ਦੀ ਨੋਕ ‘ਤੇ ਕਿਸੇ ਕੋਲੋਂ ਮੋਟਰਸਾਈਕਲ ਦੀ ਲੁੱਟ ਕੀਤੀ ਸੀ, ਫਿਰ ਡਾਕਟਰ ਦੇ ਕਲੀਨਿਕ ‘ਤੇ ਫਾਇਰਿੰਗ ਕੀਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ, ਹਮਲਾਵਰ ਕਿਸੇ ਲੁੱਟ ਜਾਂ ਹੋਰ ਨੀਅਤ ਨਾਲ ਆਏ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਵਾਰਦਾਤ ਦੀ ਖ਼ਬਰ ਲਗਦਿਆਂ ਹੀ ਡੀਐੱਸਪੀ ਸਿਟੀ ਸੁਖਵਿੰਦਰ ਸਿੰਘ ਹਸਪਤਾਲ ਪਹੁੰਚ ਗਏ ਅਤੇ ਜ਼ਖ਼ਮੀ ਡਾਕਟਰ ਦਾ ਹਾਲ ਜਾਣਿਆ। ਇਸ ਮੌਕੇ ਡੀਐੱਸਪੀ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਮੱਲਵਾਲ ਰੋਡ ਸਥਿਤ ਡਾਕਟਰ ਰੁਪਿੰਦਰਜੀਤ ਸਿੰਘ ਜਦੋਂ ਆਪਣੇ ਕਲੀਨਿਕ ਤੇ ਬੈਠਾ ਸੀ ਤਾਂ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਗੋਲ਼ੀ ਚਲਾ ਦਿੱਤੀ, ਜੋ ਡਾਕਟਰ ਦੇ ਮੋਢੇ ‘ਤੇ ਲੱਗੀ ਹੈ।

ਇਸ ਮੌਕੇ ਡਾਕਟਰ ਦੇ ਹੈਲਪਰ ਸਾਹਿਲ ਨੇ ਦੱਸਿਆ ਕਿ ਹਮਲੇ ਦੌਰਾਨ ਜਦੋਂ ਉਸ ਨੇ ਹਮਲਾਵਰਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਵੀ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ
