ਮਾਨਸਾ, 14 ਜੂਨ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਪੰਜਾਬ ਕਾਂਗਰਸ ਨੂੰ ਝਟਕਾ ਦਿੱਤਾ ਹੈ। ਮੂਸੇਵਾਲਾ ਦੇ ਪਰਿਵਾਰ ਨੇ ਸਿਆਸਤ ਲਈ ਮੂਸੇਵਾਲਾ ਦੇ ਨਾਂਅ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਦੋ ਦਿਨ ਪਹਿਲਾਂ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਕਾਂਗਰਸ ਨੇ ਚੋਣ ਗੀਤ ਲਾਂਚ ਕੀਤਾ ਸੀ। ਜਿਸ ਵਿੱਚ ਗਾਇਕ ਮੂਸੇਵਾਲਾ ਦੀ ਮ੍ਰਿਤਕ ਦੇਹ ਅਤੇ ਸਮਾਧ ਦੀ ਤਸਵੀਰ ਦਿਖਾਈ ਗਈ। ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਦੇ ਜਵਾਹਰਕੇ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਕੋਈ ਹੋਰ ਵਿਅਕਤੀ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਨਾਂਅ ਆਪਣੀ ਰਾਜਨੀਤੀ ਜਾਂ ਕਿਸੇ ਵੀ ਤਰ੍ਹਾਂ ਦੇ ਕੰਮ ਲਈ ਨਹੀਂ ਵਰਤਣਾ ਚਾਹੀਦਾ। ਇਸ ਸਬੰਧੀ ਪਰਿਵਾਰ ਨੇ ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਅਪੀਲ ਜਾਰੀ ਕੀਤੀ ਹੈ।
ਇਹ ਕਾਂਗਰਸ ਲਈ ਵੱਡਾ ਝਟਕਾ ਹੈ। ਪੰਜਾਬ ਕਾਂਗਰਸ ਅਤੇ ਖਾਸ ਕਰਕੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੂਸੇਵਾਲਾ ਦੇ ਬਹਾਨੇ ਆਮ ਆਦਮੀ ਪਾਰਟੀ ਅਤੇ ‘ਆਪ’ ਸਰਕਾਰ ਨੂੰ ਘੇਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਦੀ ਕਮਜ਼ੋਰ ਸਥਿਤੀ ਅਤੇ ਸੁਰੱਖਿਆ ਵਾਪਸ ਲੈਣ ਕਾਰਨ ਮੂਸੇਵਾਲਾ ਦਾ ਕਤਲ ਹੋਇਆ। ਨੌਜਵਾਨ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਸੂਬੇ ਦੀ ਭਗਵੰਤ ਮਾਨ ਸਰਕਾਰ ਤੋਂ ਨਾਰਾਜ਼ ਹੈ। ਇਸ ਦਾ ਫਾਇਦਾ ਕਾਂਗਰਸ ਨੇ ਉਠਾਉਣ ਦੀ ਕੋਸ਼ਿਸ਼ ਕੀਤੀ ਹੈ।