ਡੇਰਾ ਬਾਬਾ ਨਾਨਕ, 28 ਮਾਰਚ 2024 – ਅੱਜ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਪਾਰਟੀ ਦੇ ਪ੍ਰਭਾਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਰੰਧਾਵਾ ਨੇ ਕਾਂਗਰਸ ਪ੍ਰਧਾਨ ਮਲਿਕ ਅਰਜਨ ਖੜਗੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਤੇਜੱਸਵੀ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰ ਅਤੇ ਸਾਬਕਾ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਸੱਤਾ ਦੇ ਲਾਲਚ ਵਿਚ ਜਿਹੜੇ ਲੀਡਰ ਇਸ ਟਾਈਮ ਗਦਾਰੀ ਕਰਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਵਿਚ ਚਲੇ ਗਏ ਹਨ, ਉਹਨਾਂ ਲਈ ਭਵਿੱਖ ਵਿੱਚ ਕਾਂਗਰਸ ਪਾਰਟੀ ਵਿਚ ਵਾਪਸੀ ਦੇ ਦਰਵਾਜ਼ੇ ਸਦਾ ਲਈ ਬੰਦ ਕਰ ਦਿੱਤੇ ਜਾਣੇ ਚਾਹੀਦੇ ਹਨ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕਾਂਗਰਸ ਦੀ ਪੰਜਾਬ ਵਿਚ 2017 ਤੋਂ 2022 ਤੱਕ ਸਰਕਾਰ ਵਿਚ ਇਹਨਾਂ ਲੀਡਰਾਂ ਨੇ ਪੂਰਾ ਸੱਤਾ ਦਾ ਸੁੱਖ ਭੋਗਿਆ ਹੈ, ਪਰ ਇਹਨਾਂ ਲੀਡਰਾਂ ਅਤੇ ਇਹਨਾਂ ਨਾਲ ਤਾਇਨਾਤ ਵੱਡੀ ਪੱਧਰ ਤੇ ਫੌਜ ਨੇ ਪੰਜ ਸਾਲਾਂ ਵਿੱਚ ਕਾਂਗਰਸ ਨੂੰ ਕਮਜ਼ੋਰ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਇਹ ਕਾਂਗਰਸ ਪਾਰਟੀ ਹੀ ਹੈ ਜਿਸਨੇ ਇਹਨਾਂ ਦੇ ਪੁਰਖਿਆਂ ਨੂੰ ਕੇਂਦਰ ਵਿਚ ਖੇਤੀਬਾੜੀ ਮੰਤਰੀ ਬਣਾਇਆ ਤੇ ਫਿਰ ਰਾਜਪਾਲ ਦਾ ਦਰਜਾ ਦਿੱਤਾ। ਇਹਨਾਂ ਦੇ ਖਾਨਦਾਨਾਂ ਨੂੰ ਮੁੱਖ ਮੰਤਰੀ ਪੰਜਾਬ ਦੀ ਕੁਰਸੀ ਨਾਲ ਨਿਵਾਜਿਆ ਤੇ ਪ੍ਰਦੇਸ਼ ਕਾਂਗਰਸ ਦੀਆਂ ਪ੍ਰਧਾਨਗੀਆਂ ਸੌਂਪੀਆਂ। ਇਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਪੰਜਾਬ ਵਿਚ ਕਾਂਗਰਸ ਦੀਆਂ ਸਰਕਾਰਾਂ ਵਿਚ ਕੈਬਨਿਟ ਮੰਤਰੀਆਂ ਦੇ ਅਹੁੱਦਿਆਂ ਨਾਲ ਨਿਵਾਜਿਆ, ਪਰ ਇਹਨਾਂ ਲੋਕਾਂ ਨੇ ਕਾਂਗਰਸ ਨਾਲ ਗਦਾਰੀ ਕਰਕੇ ਪੰਜਾਬ ਵਿਰੋਧੀ ਖਾਸ ਕਰਕੇ ਕਿਸਾਨ ਵਿਰੋਧੀ ਪਾਰਟੀਆਂ ਨਾਲ ਹੱਥ ਮਿਲਾ ਲਏ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਕਿਸੇ ਵੀ ਕਾਂਗਰਸੀ ਨੂੰ ਪਾਰਟੀ ਜਾਂ ਸਰਕਾਰ ਵਿਚ ਅਹੁਦਾ ਦੇਣ ਤੋਂ ਪਹਿਲਾਂ ਉਸ ਦਾ ਡੀ ਐਨ ਏ ਕਰਾਉਣਾ ਚਾਹੀਦਾ ਹੈ ਕਿ ਵਾਕਿਆ ਹੀ ਉਸ ਦੇ ਖੂਨ ਵਿੱਚ ਕਾਂਗਰਸ ਮੌਜੂਦ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਗਦਾਰੀ ਕਰਨ ਵਾਲੇ ਲੀਡਰ ਥੋੜੇ ਸਮੇਂ ਬਾਅਦ ਫਿਰ ਕਾਂਗਰਸ ਪਾਰਟੀ ਵਿਚ ਵਾਪਸੀ ਕਰਨ ਲਈ ਤਰਲੋ ਮੱਛੀ ਹੋਣਗੇ, ਪਰ ਪਾਰਟੀ ਹਾਈਕਮਾਂਡ ਨੂੰ ਇਹਨਾਂ ਗਦਾਰੀ ਕਰਨ ਵਾਲੇ ਲੋਕਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਾ ਚਾਹੀਦਾ, ਸਗੋਂ ਕਾਂਗਰਸ ਪਾਰਟੀ ਦੀ ਲੰਮੇ ਸਮੇਂ ਤੋਂ ਸੇਵਾ ਕਰਨ ਵਾਲੇ ਵਰਕਰਾਂ ਨੂੰ ਅੱਗੇ ਆਉਣ ਦਾ ਮੌਕਾ ਕਾਂਗਰਸ ਹਾਈਕਮਾਨ ਨੂੰ ਦੇਣਾ ਚਾਹੀਦਾ ਹੈ।