- ਘਟਨਾ ਅੰਮ੍ਰਿਤਸਰ ਦੇ ਮਜੀਠਾ ‘ਚ ਪੈਂਦੇ ਪਿੰਡ ਪੰਧੇਰ ਕਲਾਂ ਦੀ
ਅੰਮ੍ਰਿਤਸਰ, 9 ਨਵੰਬਰ 2023 – ਅੰਮ੍ਰਿਤਸਰ ਵਿੱਚ ਦੋਹਰੇ ਕਤਲ ਕਾਰਨ ਦੀ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਘਰ ਦੇ ਹੀ ਪੁੱਤ ਨੇ ਮਾਂ-ਬਾਪ ਦੀ ਜਾਨ ਲੈ ਲਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਕਤਲ ਕਰਨ ਵਾਲਾ ਪੁੱਤਰ ਹੈ, ਜਿਸ ਨੂੰ ਉਸ ਦੇ ਮਾਪਿਆਂ ਨੇ ਸ਼ਰਾਬ ਪੀਣ ਤੋਂ ਰੋਕਿਆ ਸੀ। ਫਿਲਹਾਲ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਗੁਰਮੀਤ ਸਿੰਘ ਅਤੇ ਕੁਲਵਿੰਦਰ ਕੌਰ ਉਮਰ ਕਰੀਬ 70 ਸਾਲ ਵਜੋਂ ਹੋਈ ਹੈ।
ਇਹ ਘਟਨਾ ਅੰਮ੍ਰਿਤਸਰ ਦੇ ਮਜੀਠਾ ‘ਚ ਪੈਂਦੇ ਪਿੰਡ ਪੰਧੇਰ ਕਲਾਂ ਦੀ ਹੈ। ਪਿੰਡ ਵਿੱਚ ਹੀ ਇੱਕ ਨੌਜਵਾਨ ਦਾ ਵਿਆਹ ਸੀ। ਦੇਰ ਰਾਤ ਪਿੰਡ ਵਿੱਚ ਜਾਗੋ ਕੱਢੀ ਜਾ ਰਹੀ ਸੀ। ਇਸੇ ਦੌਰਾਨ ਪ੍ਰਿਤਪਾਲ ਸਿੰਘ ਨਾਂ ਦਾ ਨੌਜਵਾਨ ਸ਼ਰਾਬ ਪੀ ਕੇ ਘਰ ਆਇਆ। ਇਹ ਦੇਖ ਕੇ ਮਾਪੇ ਗੁੱਸੇ ‘ਚ ਆ ਗਏ। ਉਹ ਫਿਰ ਜਾਗੋ ‘ਚ ਜਾਣ ਦੀ ਜ਼ਿੱਦ ਕਰਨ ਲੱਗਾ। ਪਰ ਉਸਦੇ ਮਾਪਿਆਂ ਨੇ ਉਸਨੂੰ ਜਾਣ ਤੋਂ ਰੋਕ ਦਿੱਤਾ। ਇੰਨਾ ਹੀ ਨਹੀਂ ਉਸ ਨੇ ਗੁੱਸੇ ‘ਚ ਇਹ ਵੀ ਕਹਿ ਦਿੱਤਾ ਕਿ ਹੁਣ ਉਹ ਵਿਆਹ ‘ਚ ਵੀ ਨਹੀਂ ਜਾਵੇਗਾ।
ਗੁੱਸੇ ‘ਚ ਆਏ ਪੁੱਤਰ ਪ੍ਰਿਤਪਾਲ ਸਿੰਘ ਨੇ ਆਪਣੇ ਮਾਤਾ-ਪਿਤਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।