ਨਵੀਂ ਦਿੱਲੀ, 3 ਅਪ੍ਰੈਲ, 2024 – ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 33 ਸਾਲਾਂ ਬਾਅਦ ਅੱਜ ਰਾਜ ਸਭਾ ਤੋਂ ਸੇਵਾਮੁਕਤ ਹੋ ਰਹੇ ਹਨ। ਉਹ 1991 ਵਿੱਚ ਪਹਿਲੀ ਵਾਰ ਅਸਾਮ ਤੋਂ ਰਾਜ ਸਭਾ ਪੁੱਜੇ ਸਨ। ਛੇਵੀਂ ਅਤੇ ਆਖਰੀ ਵਾਰ ਉਹ 2019 ਵਿੱਚ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣੇ। ਉਹਨਾਂ ਦੇ ਸੇਵਾ ਮੁਕਤ ਹੋਣ ਨਾਲ ਰਾਜਨੀਤੀ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ।
ਡਾ. ਮਨਮੋਹਨ ਸਿੰਘ ਨੇ 1990ਵਿਆਂ ਦੇ ਸ਼ੁਰੂ ਵਿਚ ਵੱਡੇ ਆਰਥਿਕ ਸੰਕਟ ਵਿਚ ਫਸੇ ਭਾਰਤ ਨੂੰ ਬਤੌਰ ਵਿੱਤ ਮੰਤਰੀ ਕੱਢਿਆ ਸੀ। ਉਹਨਾਂ ਵੱਲੋਂ ਆਰੰਭੇ ਆਰਥਿਕ ਸੁਧਾਰ ਤੇ ਉਦਾਰੀਕਰਨ ਦੀ ਨੀਤੀ ਦੀ ਬਦੌਲਤ ਭਾਰਤ ਸੰਕਟ ਤੋਂ ਉਭਰ ਕੇ ਮੁੜ ਲੀਹ ’ਤੇ ਪਿਆ ਸੀ। ਇਸ ਮਗਰੋਂ ਡਾ. ਮਨਮੋਹਨ ਸਿੰਘ 2004 ਤੋਂ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਜਿਸ ਦੌਰਾਨ ਦੇਸ਼ ਨੇ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਪੁਲਾਂਘਾ ਪੁੱਟੀਆਂ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਸੇਵਾਮੁਕਤੀ ‘ਤੇ ਚਿੱਠੀ ਲਿਖੀ ਹੈ। ਇਸ ਵਿੱਚ ਉਨ੍ਹਾਂ ਨੇ ਕਿਹਾ- ਹੁਣ ਤੁਸੀਂ ਰਾਜਨੀਤੀ ਵਿੱਚ ਸਰਗਰਮ ਨਹੀਂ ਹੋਵੋਗੇ, ਪਰ ਜਨਤਾ ਲਈ ਤੁਹਾਡੀ ਆਵਾਜ਼ ਬੁਲੰਦ ਹੁੰਦੀ ਰਹੇਗੀ। ਸੰਸਦ ਨੂੰ ਤੁਹਾਡੇ ਗਿਆਨ ਅਤੇ ਤਜ਼ਰਬੇ ਦੀ ਘਾਟ ਮਹਿਸੂਸ ਹੋਵੇਗੀ। ਤੁਸੀਂ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੇਵਾ ਕੀਤੀ ਹੈ। ਤੁਹਾਡੀ ਰਿਟਾਇਰਮੈਂਟ ਇੱਕ ਯੁੱਗ ਦੇ ਅੰਤ ਨੂੰ ਦਰਸਾਉਂਦੀ ਹੈ।
ਮਨਮੋਹਨ ਸਿੰਘ ਦੀ ਥਾਂ ‘ਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਹੁਣ ਪਹਿਲੀ ਵਾਰ ਰਾਜ ਸਭਾ ਪਹੁੰਚੇਗੀ। 20 ਫਰਵਰੀ ਨੂੰ ਉਹ ਰਾਜ ਸਭਾ ਲਈ ਨਿਰਵਿਰੋਧ ਚੁਣੇ ਗਏ ਸਨ।