ਦੁਬਈ ‘ਚ ਮਰੇ ਪ੍ਰਦੀਪ ਦੇ ਮਾਪਿਆਂ ਦਾ ਦੁੱਖ ਵੇਖ ਭਾਵੁਕ ਹੋਏ ਡਾ.ਉਬਰਾਏ: ਭੈਣ ਦੇ ਵਿਆਹ ਲਈ 2 ਲੱਖ ਰੁਪਏ ਦਿੱਤੇ

  • ਮਾਪਿਆਂ ਦੀ ਸ਼ੁਰੂ ਕੀਤੀ 5 ਹਜ਼ਾਰ ਮਹੀਨਾ ਪੈਨਸ਼ਨ

ਅੰਮ੍ਰਿਤਸਰ, 3 ਮਈ 2025 – ਹਰੇਕ ਦੁਖੀ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਉਸ ਦੀ ਹਰ ਸੰਭਵ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਉਬਰਾਏ ਅੱਜ ਅੰਮ੍ਰਿਤਸਰ ਨਾਲ ਸਬੰਧਿਤ ਪ੍ਰਦੀਪ ਸਿੰਘ,ਜਿਸ ਦੀ ਦੁਬਈ ‘ਚ ਹੋਏ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ ਸੀ, ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਲਈ ਉਚੇਚੇ ਤੌਰ ਤੇ ਉਸ ਦੇ ਘਰ ਪਹੁੰਚੇ ਜਿੱਥੇ ਇਕਲੌਤੇ ਪੁੱਤ ਦੇ ਵਿਛੋੜੇ ‘ਚ ਵਿਲਕਦੇ ਮਾਪਿਆਂ ਦਾ ਦੁੱਖ ਵੇਖ ਡਾ.ਉਬਰਾਏ ਵੀ ਭਾਵੁਕ ਹੋ ਗਏ।

ਇਸ ਦੌਰਾਨ ਗੱਲਬਾਤ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਭਰੇ ਮਨ ਨਾਲ ਦੱਸਿਆ ਮਾਪਿਆਂ ਦਾ ਇਕਲੌਤਾ ਪੁੱਤ ਪ੍ਰਦੀਪ ਵੀ ਬਿਹਤਰ ਭਵਿੱਖ ਲਈ ਕਰੀਬ 6 ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ ਬੀਤੀ 10 ਅਪ੍ਰੈਲ ਨੂੰ ਦੁਬਈ ‘ਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਲੱਗੀ ਭਿਆਨਕ ਅੱਗ ‘ਚ ਬਹੁਤ ਬੁਰੀ ਤਰ੍ਹਾਂ ਨਾਲ ਝੁਲਸ ਜਾਣ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ ਸੀ। ਉਨ੍ਹਾਂ ਵੱਲੋਂ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਪ੍ਰਦੀਪ ਦਾ ਮਿਤ੍ਰਕ ਸਰੀਰ ਕੁਝ ਦਿਨ ਪਹਿਲਾਂ ਭਾਰਤ ਭੇਜਿਆ ਸੀ। ਡਾ.ਉਬਰਾਏ ਨੇ ਦੱਸਿਆ ਕਿ ਅੱਜ ਉਨ੍ਹਾਂ ਪ੍ਰਦੀਪ ਦੀ ਵੱਡੀ ਭੈਣ ਦੇ ਵਿਆਹ ਲਈ 2 ਲੱਖ ਰੁਪਏ ਦਾ ਚੈੱਕ ਉਸ ਦੇ ਪਰਿਵਾਰ ਨੂੰ ਦੇਣ ਤੋਂ ਇਲਾਵਾ ਉਸ ਦੇ ਮਾਪਿਆਂ ਦੀ ਹਾਲਤ ਨੂੰ ਵੇਖਦਿਆਂ ਘਰ ਦੇ ਗੁਜ਼ਾਰੇ ਲਈ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਇਸ ਦੁੱਖੀ ਪਰਿਵਾਰ ਦਾ ਘਾਟਾ ਤਾਂ ਨਹੀਂ ਪੂਰਾ ਕਰ ਸਕਦੇ ਪਰ ਇਸ ਔਖੇ ਵੇਲੇ ਆਪਣੇ ਵੱਲੋਂ ਹਰ ਸੰਭਵ ਮਦਦ ਕਰਨਾ ਆਪਣਾ ਇਨਸਾਨੀ ਫਰਜ਼ ਸਮਝਦੇ ਹਨ।

ਇਸ ਮੌਕੇ ਉਨ੍ਹਾਂ ਨਾਲ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜ਼ਿਲ੍ਹਾ ਜਨਰਲ ਸਕੱਤਰ ਮਨਪ੍ਰੀਤ ਸੰਧੂ, ਨਵਜੀਤ ਸਿੰਘ ਘਈ ਤੇ ਸੁਖਚੈਨ ਸਿੰਘ ਹੇਰ ਤੋਂ ਇਲਾਵਾ ਹਰਜੀਤ ਸਿੰਘ ਅਤੇ ਰਣਜੀਤ ਸਿੰਘ ਆਦਿ ਵੀ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

10 IPS/PPS ਅਫਸਰਾਂ ਦੇ ਤਬਾਦਲੇ

“ਪਿੰਡਾਂ ਦੇ ਪਹਿਰੇਦਾਰ” “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਘਰ ਘਰ ਤੱਕ ਪਹੁੰਚਾਉਣ- ਬਰਿੰਦਰ ਕੁਮਾਰ ਗੋਇਲ