ਚੰਡੀਗੜ੍ਹ, 24 ਫਰਵਰੀ 2022 – ਆਮ ਆਦਮੀ ਪਾਰਟੀ (ਆਪ) ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਚੋਣ ਕਮਿਸ਼ਨ ਨੂੰ ਈਵੀਐਮ ਦੀ ਸੁਰੱਖਿਆ ਨੂੰ ਲੈ ਕੇ ਦੇ ਪੱਤਰ ਲਿਖਿਆ ਸੀ। ਜਿਸ ਵਿਚ ਕੁਝ ਸਟਰਾਂਗ ਰੂਮਾਂ ਦਾ ਹਵਾਲਾ ਦਿੱਤਾ ਸੀ ਜਿਨ੍ਹਾਂ ਵਿਚ ਨੀਮ ਫੌਜੀ ਸੁਰੱਖਿਆ ਨਹੀਂ ਹੈ। ਪੰਜਾਬ ਪੁਲਿਸ ਹੀ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕੋਲ ਪੂਰੀ ਲਾਈਟਾਂ ਅਤੇ ਸੀਸੀਟੀਵੀ ਕੈਮਰੇ ਵੀ ਨਹੀਂ ਹਨ। ਹਾਲਾਂਕਿ ਚੋਣ ਕਮਿਸ਼ਨ ਦਾ ਦਾਅਵਾ ਹੈ ਕਿ ਸਟਰਾਂਗ ਰੂਮ ਸਖ਼ਤ ਸੁਰੱਖਿਆ ਹੇਠ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਸਾਰੇ ਸਟਰਾਂਗ ਰੂਮਾਂ ਦੇ ਬਾਹਰ ਡੇਰੇ ਲਗਾ ਕੇ ਬੈਠੀ ਹੈ।
ਜਿਸ ਤੋਂ ਬਾਅਦ ਮੁੱਖ ਚੋਣ ਅਫਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਬੁੱਧਵਾਰ ਨੂੰ ਸਰਕਾਰੀ ਕਾਲਜ ਰੂਪਨਗਰ ਵਿਖੇ ਬਣਾਏ ਗਏ ਤਿੰਨ ਹਲਕਿਆਂ ਦੇ ਸਟਰਾਂਗ ਰੂਮ ਦੀ ਚੈਕਿੰਗ ਕੀਤੀ।
ਉਨ੍ਹਾਂ ਇਸ ਮੌਕੇ ਹਾਜ਼ਰ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਸੋਨਾਲੀ ਗਿਰਿ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ, ਰੂਪਨਗਰ ਵਿਧਾਨ ਸਭਾ ਹਲਕਾ ਅਤੇ ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਦੇ ਰਿਟਰਨਿੰਗ ਅਫਸਰਾਂ ਨੂੰ ਹਦਾਇਤ ਕੀਤੀ ਕਿ ਸਟਰਾਂਗ ਰੂਮਾਂ ਦੇ ਸੁਰੱਖਿਆ ਪ੍ਰਬੰਧਾਂ ‘ਚ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਰੱਖੀ ਜਾਵੇ।
ਜ਼ਿਲ੍ਹਾ ਚੋਣ ਅਫਸਰ ਨੇ ਮੁੱਖ ਚੋਣ ਅਫਸਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨੋਂ ਹਲਕਿਆਂ ਦੇ ਰਿਟਰਨਿੰਗ ਅਫਸਰਾਂ ਵਲੋਂ ਸਟਰਾਂਗ ਰੂਮਾਂ ਦੀ ਰੋਜ਼ਾਨਾ ਚੈਕਿੰਗ ਕੀਤੀ ਜਾਂਦੀ ਹੈ ਅਤੇ ਯਕੀਨੀ ਕੀਤਾ ਜਾਂਦਾ ਹੈ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਪ੍ਰਬੰਧਾਂ ਨੂੰ ਬਰਕਰਾਰ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਅੱਜ ਵਿਧਾਨ ਸਭਾ ਚੋਣਾਂ-2022 ਦੇ ਸਬੰਧ ਵਿੱਚ ਰਿਟਰਨਿੰਗ ਅਫਸਰ, ਨੋਡਲ ਅਫਸਰਾਂ ਅਤੇ ਹੋਰ ਤਕਨੀਕੀ ਸਟਾਫ ਨੇ ਪ੍ਰੀ-ਕਾਊਂਟਿੰਗ ਸਿਖਲਾਈ ਵੀ ਲਈ ਹੈ।
ਇਸ ਤੋਂ ਬਿਨਾ ਰਾਘਵ ਚੱਢਾ ਨੇ ਦੱਸਿਆ ਸੀ ਕਿ ਵਿਰਸਾ ਗਰਾਊਂਡ ਕਪੂਰਥਲਾ, ਸਰਕਾਰੀ ਆਰਟ ਐਂਡ ਸਪੋਰਟਸ ਕਾਲਜ ਕਪੂਰਥਲਾ ਰੋਡ, ਜਲੰਧਰ, ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਆਈ.ਟੀ.ਆਈ ਹੁਸ਼ਿਆਰਪੁਰ, ਸੁਖਦੇਵ ਭਵਨ ਪੀਏਯੂ ਦਾਖਾ ਅਤੇ ਸੀਓਐਸ ਬਿਲਡਿੰਗ ਥਾਪਰ ਯੂਨੀਵਰਸਿਟੀ ਪਟਿਆਲਾ ਵਿੱਚ ਇਹ ਕਮੀਆਂ ਪਾਈਆਂ ਗਈਆਂ ਹਨ।
ਰਾਘਵ ਚੱਢਾ ਨੇ ਮੰਗ ਕੀਤੀ ਕਿ ਸਾਰੇ ਸਟਰਾਂਗ ਰੂਮਾਂ ਵਿੱਚ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ। ਅੰਦਰੂਨੀ ਅਤੇ ਬਾਹਰੀ ਸਰਕਲਾਂ ਦੀ ਸੁਰੱਖਿਆ ਲਈ ਅਰਧ ਸੈਨਿਕ ਬਲ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ। ਕੈਮਰੇ ਲਗਾਉਣ ਤੋਂ ਬਾਅਦ ਇਸ ਦਾ ਆਨਲਾਈਨ ਲਿੰਕ ਉਮੀਦਵਾਰਾਂ ਨੂੰ ਦਿੱਤਾ ਜਾਵੇ। ਸਟਰਾਂਗ ਰੂਮ ਦੇ ਐਂਟਰੀ-ਐਗਜ਼ਿਟ ‘ਤੇ ਸੀਸੀਟੀਵੀ ਕੈਮਰੇ ਲਗਾਏ ਜਾਣੇ ਚਾਹੀਦੇ ਹਨ। ਜਿਸ ਨੂੰ ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਵੱਲੋਂ ਦੇਖਿਆ ਜਾ ਸਕਦਾ ਹੈ।