- ਜਨੌੜੀ ਤੇ ਝਮੇੜੀ ਪੱਤੀ ਨੂੰ ਸ਼ਹਿਰੀ ਪੈਟਰਨ ‘ਚ ਕੀਤਾ ਗਿਆ ਸ਼ਾਮਿਲ, 24 ਘੰਟੇ ਨਿਰਵਿਘਨ ਮਿਲੇਗੀ ਬਿਜਲੀ ਸਪਲਾਈ
- ਕਿਹਾ, ਕੰਢੀ ਖੇਤਰ ਦਾ ਸਹੀ ਵਿਕਾਸ ਉਨ੍ਹਾਂ ਦੀਆਂ ਵਿਸ਼ੇਸ਼ ਤਰਜ਼ੀਹਾਂ ‘ਚੋਂ ਇਕ
ਹੁਸ਼ਿਆਰਪੁਰ, 1 ਜੁਲਾਈ 2025 – ਕੰਢੀ ਇਲਾਕੇ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਸਾਲਾਂ ਤੋਂ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਜਨੌੜੀ ਅਤੇ ਝਮੇੜੀ ਪੱਤੀ ਪਿੰਡਾਂ ਨੂੰ ਜਲਦ ਹੀ ਆਉਣ ਵਾਲੇ ਦਿਨਾਂ ਵਿਚ ਹੁਣ 24 ਘੰਟੇ ਨਿਰਵਿਘਨ ਬਿਜਲੀ ਮਿਲੇਗੀ। ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਇਸ ਮਹੱਤਵਪੂਰਨ ਐਲਾਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਖੇਤਰ ਨੂੰ ਸ਼ਹਿਰੀ ਪੈਟਰਨ ਵਿਚ ਸ਼ਾਮਲ ਕੀਤਾ ਹੈ, ਜਿਸ ਕਾਰਨ ਇਥੇ ਸ਼ਹਿਰਾਂ ਵਾਂਗ ਨਿਰਵਿਘਨ ਬਿਜਲੀ ਮਿਲ ਸਕੇਗੀ।
ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਜਨੌੜੀ ਪਿੰਡ ਵਿਚ ਲੱਗਭਗ 14-15 ਸਾਲ ਪਹਿਲਾਂ ਇਕ 66 ਕੇ.ਵੀ ਸਬ-ਸਟੇਸ਼ਨ ਸਥਾਪਿਤ ਕੀਤਾ ਗਿਆ ਸੀ, ਪਰ ਲੰਬੇ ਸਮੇਂ ਤੋਂ ਇਸ ਸਟੇਸ਼ਨ ਨੂੰ ਸ਼ਹਿਰੀ ਗਰਿੱਡ ਨਾਲ ਨਹੀਂ ਜੋੜਿਆ ਜਾ ਸਕਿਆ, ਜਿਸ ਕਾਰਨ ਪਿੰਡ ਵਾਸੀਆਂ ਨੂੰ ਵਾਰ-ਵਾਰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਇਸ ਸਬ-ਸਟੇਸ਼ਨ ਨੂੰ ਪੂਰੀ ਤਰ੍ਹਾਂ ਸ਼ਹਿਰੀ ਸਪਲਾਈ ਪ੍ਰਣਾਲੀ ਨਾਲ ਜੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਮਿਲਣੀ ਸ਼ੁਰੂ ਹੋ ਜਾਵੇਗੀ।
ਡਾ. ਰਵਜੋਤ ਸਿੰਘ ਨੇ ਕਿਹਾ ਕਿ ਇਹ ਫ਼ੈਸਲਾ ਨਾ ਸਿਰਫ਼ ਬਿਜਲੀ ਸੁਧਾਰ ਵੱਲ ਇਕ ਕਦਮ ਹੈ, ਸਗੋਂ ਕੰਢੀ ਖੇਤਰ ਦੇ ਸਰਵਪੱਖੀ ਵਿਕਾਸ ਵੱਲ ਇਕ ਇਤਿਹਾਸਕ ਕਦਮ ਵੀ ਹੈ। ਇਸ ਨਾਲ ਖੇਤਰ ਵਿਚ ਸਿੱਖਿਆ, ਸਿਹਤ, ਉਦਯੋਗ ਅਤੇ ਖੇਤੀਬਾੜੀ ਵਰਗੇ ਖੇਤਰਾਂ ਨੂੰ ਵੀ ਨਵੀਂ ਊਰਜਾ ਮਿਲੇਗੀ। ਉਨ੍ਹਾਂ ਕਿਹਾ ਕਿ ਕੰਢੀ ਖੇਤਰ ਦਾ ਢੁਕਵਾਂ ਵਿਕਾਸ ਉਨ੍ਹਾਂ ਦੀਆਂ ਤਰਜੀਹਾਂ ਦੇ ਸਿਖਰ ‘ਤੇ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਇਸ ਖੇਤਰ ਨੂੰ ਬੁਨਿਆਦੀ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ ਕਰਨ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ।

ਸਥਾਨਕ ਸਰਕਾਰਾਂ ਮੰਤਰੀ ਨੇ ਇਸ ਫ਼ੈਸਲੇ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਇਸ ਪ੍ਰਾਪਤੀ ਲਈ ਸਾਰੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਬਿਜਲੀ ਨਹੀਂ ਹੈ, ਸਗੋਂ ਇਸ ਖੇਤਰ ਦੇ ਰੋਸ਼ਨ ਭਵਿੱਖ ਦੀ ਰੋਸ਼ਨੀ ਹੈ।
